ਮੁੰਬਈ, 22 ਜੁਲਾਈ (ਪੰਜਾਬ ਮੇਲ)- ਮਹਾਰਾਸ਼ਟਰ ’ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਸ਼ੁੱਕਰਵਾਰ ਨੂੰ ਮੁੰਬਈ ’ਚ ਭਾਰੀ ਮੀਂਹ ਪਿਆ, ਜਿਸ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਸ਼ਹਿਰ ਅਤੇ ਇਸ ਦੇ ਉਪ ਨਗਰਾਂ ’ਚ ਆਵਾਜਾਈ ਠੱਪ ਹੋ ਗਈ। ਨਾਂਦੇੜ ਜ਼ਿਲੇ ’ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਤੋਂ ਬਾਅਦ ਬਿਲੋਲੀ ਤਹਿਸੀਲ ਦੇ 12 ਪਿੰਡਾਂ ਦੇ ਕਰੀਬ ਇਕ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਗੋਂਡੀਆ ਅਤੇ ਭੰਡਾਰਾ ਜ਼ਿਲਿਆਂ ਦੇ ਵੱਖ-ਵੱਖ ਹਿੱਸਿਆਂ ਵਿਚ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਭੰਡਾਰਾ ਜ਼ਿਲੇ ਦੇ ਨੀਲਜ ਪਿੰਡ ’ਚ 14 ਔਰਤਾਂ ਝੋਨੇ ਦੇ ਖੇਤ ’ਚ ਕੰਮ ਕਰ ਰਹੀਆਂ ਸਨ ਤਾਂ ਬਿਜਲੀ ਡਿੱਗਣ ਨਾਲ ਉਨ੍ਹਾਂ ’ਚੋਂ 2 ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਈਆਂ। ਇਕ ਹੋਰ ਘਟਨਾ ’ਚ ਮੋਹਾਦੀ ਤਹਿਸੀਲ ਦੇ ਪਿੰਡ ਬੌਂਦਰੀ ’ਚ ਬਿਜਲੀ ਡਿੱਗਣ ਨਾਲ ਖੇਤ ’ਚ ਕੰਮ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਗੋਂਡੀਆ ’ਚ ਵੱਖ-ਵੱਖ ਥਾਵਾਂ ’ਤੇ ਇਕ ਵਿਅਕਤੀ ਅਤੇ ਇਕ ਔਰਤ ਦੀ ਮੌਤ ਹੋ ਗਈ। ਪਾਲਘਰ ਜ਼ਿਲੇ ਦੇ ਵਸਈ ਕਸਬੇ ’ਚ 50 ਸਾਲਾ ਵਿਅਕਤੀ ਦੀ ਨਾਲੇ ’ਚ ਡੁੱਬਣ ਨਾਲ ਮੌਤ ਹੋ ਗਈ। ਨਾਸਿਕ ਵਿਚ ਪਹਾੜੀਆਂ ’ਤੇ ਸਥਿਤ ਕਾਵਨਈ ਕਿਲੇ ਦਾ ਇਕ ਹਿੱਸਾ ਢਹਿ ਗਿਆ, ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।