#CANADA

ਮਹਾਨ ਸਿੱਖ ਨਾਇਕ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਪੁਰਬ ਵੱਡੇ ਪੱਧਰ ‘ਤੇ ਮਨਾਉਣ ਦੀਆਂ ਤਿਆਰੀਆਂ

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇਕ ਯਾਦਗਾਰੀ ਪੋਸਟਰ ਰਿਲੀਜ਼
ਸਰੀ, 27 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਿੱਖ ਇਤਿਹਾਸ ਦੇ ਮਹਾਨ ਨਾਇਕ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਪੁਰਬ ਮਈ ਮਹੀਨੇ ਵਿਚ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਸੰਬੰਧ ਵਿਚ ਅੱਜ ਗੁਰਦੁਆਰਾ ਬਰੁੱਕਸਾਈਡ ਸਾਹਿਬ ਸਰੀ ਵਿਖੇ ਇਕ ਵੱਡੇ ਇਕੱਠ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸੰਗਤ ਵੱਲੋਂ ਇਕ ਵੱਡ-ਆਕਾਰੀ ਪੋਸਟਰ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਦੇ ਅਜਿਹੇ ਨਾਇਕ ਹੋਏ ਹਨ ਜਿਨ੍ਹਾਂ ਸਿੱਖਾਂ ਦੀ ਖਿੰਡੀ-ਪੁੰਡੀ ਤਾਕਤ ਨੂੰ ਇਕੱਠਾ ਕਰਕੇ ਸਿੱਖ ਫੌਜ ਵਿਚ ਅਜਿਹਾ ਜੋਸ਼ ਭਰਿਆ ਜਿਸਦੇ ਸਦਕਾ ਸਿੱਖਾਂ ਨੇ ਪੰਜਾਬ ਅਤੇ ਦਿੱਲੀ ਦੀ ਧਰਤੀ ‘ਤੇ ਖਾਲਸਾਈ ਝੰਡੇ ਝੁਲਾਏ ਤੇ ਆਪਣੀ ਹਕੂਮਤ ਸਥਾਪਤ ਕੀਤੀ। ਉਨ੍ਹਾਂ ਦੀ ਅਗਵਾਈ ਵਿਚ ਸਿੱਖਾਂ ਨੇ ਜਾਬਰਾਂ ਨੂੰ ਅਜਿਹਾ ਸਬਕ ਸਿਖਾਇਆ ਕਿ ਪੰਜਾਬ ‘ਤੇ ਹਮਲਾ ਕਰਨ ਵਾਲੇ ਕਹਿੰਦੇ-ਕਹਾਉਂਦੇ ਜਰਵਾਣਿਆ ਦੇ ਗਰੂਰ ਨੂੰ ਮਿੱਟੀ ਵਿਚ ਮਿਲਾ ਦਿੱਤਾ ਸੀ। ਸਿੱਖਾਂ ਨੇ ਆਪਣੀ ਅਣਖ ਅਤੇ ਹੋਂਦ ਕਾਇਮ ਰੱਖਣ ਲਈ ਉਨ੍ਹਾਂ ਦੀ ਅਗਵਾਈ ਹੇਠ ਜੋ ਜਿੱਤਾਂ ਪ੍ਰਾਪਤ ਕੀਤੀਆਂ, ਉਨ੍ਹਾਂ ਨਾਲ ਸਿੱਖ ਕੌਮ ਮਾਨਸਿਕ ਅਤੇ ਸਮਾਜਕ ਪੱਖੋਂ ਬਲਵਾਨ ਹੋਈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ 300 ਸਾਲਾ ਪੁਰਬ ਸੰਬੰਧੀ ਸਰੀ ਵਿਖੇ ਵੱਡਾ ਸਮਾਗਮ ਕਰਵਾਵੁਣ ਦੀ ਰੂਪਰੇਖਾ ਉਲੀਕੀ ਗਈ ਸੀ ਪਰ ਕੋਰੋਨਾ ਕਾਰਨ ਇਹ ਸਮਾਗਮ ਨਹੀਂ ਸੀ ਹੋ ਸਕਿਆ ਅਤੇ ਉਸ ਕਾਰਜ ਨੂੰ ਹੁਣ ਮਈ ਮਹੀਨੇ ਵਿਚ ਵੱਡੇ ਪੱਧਰ ‘ਤੇ ਮਨਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ ਤਾਂ ਜੋ ਉਸ ਮਹਾਨ ਨਾਇਕ ਦੇ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਸਮੁੱਚੇ ਸਿੱਖ ਜਗਤ ਅਤੇ ਆ ਰਹੀ ਪੀੜ੍ਹੀ ਤੱਕ ਪੁਚਾਇਆ ਜਾ ਸਕੇ।
ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਪੁਰਬ ਉੱਪਰ ਵਿਸ਼ਵ ਭਰ ਵਿਚ ਕਰਵਾਏ ਜਾ ਰਹੇ ਕਾਰਜਾਂ ਦਾ ਵੇਰਵਾ ਦਿੰਦਿਆਂ ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਦੱਸਿਆ ਕਿ ਸਭ ਤੋਂ ਵੱਡਾ ਅਤੇ ਅਹਿਮ ਕਾਰਜ ਇੰਗਲੈਂਡ ਵਿਚ ਹੋ ਰਿਹਾ ਹੈ ਜਿੱਥੇ ਡਰਬੀ ਦੇ ਗੁਰਦੁਆਰਾ ਸਾਹਿਬ ਵਿਚ “ਘੋੜੇ ‘ਤੇ ਸਵਾਰ ਬਾਬਾ ਜੱਸਾ ਸਿੰਘ ਰਾਮਗੜ੍ਹੀਆ” ਦਾ ਵੱਡ-ਆਕਾਰੀ ਬੁੱਤ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਮਾਸਿਕ ਰਸਾਲੇ ‘ਗੁਰਮਤਿ ਪ੍ਰਕਾਸ਼’ ਦਾ ਮਈ ਅੰਕ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਵਿਸ਼ੇਸ਼ ਅੰਕ ਹੋਵੇਗਾ ਜਿਸ ਵਿਚ ਨਾਮਵਰ ਵਿਦਵਾਨਾਂ ਵੱਲੋਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਾਰਜਾਂ ਪ੍ਰਤੀ ਰੌਸ਼ਨੀ ਪਾਈ ਜਾਵੇਗੀ। ‘ਗੁਰਮਤਿ ਪ੍ਰਕਾਸ਼’ ਦਾ ਇਹ ਵਿਸ਼ੇਸ਼ ਅੰਕ ਰਿਲੀਜ਼ ਕਰਨ ਲਈ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਮਈ ਮਹੀਨੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਲਹਿੰਦੇ ਪੰਜਾਬ ਵਿਚ ਜਿੱਥੇ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਵਸਦੇ ਹਨ, ਉਥੇ ਵੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਸੰਬੰਧੀ ਇਕ ਪੁਸਤਕ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਜਿਸ ਨੂੰ ਲਾਹੌਰ ਵਿਚ ਵੱਡੇ ਪੱਧਰ ਦੇ ਸਮਾਗਮ ਵਿਚ ਰਿਲੀਜ਼ ਕੀਤਾ ਜਾਵੇਗਾ ਤਾਂ ਜੋ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਅਤੇ ਕਾਰਜਾਂ ਦੀ ਰੌਸ਼ਨੀ ਬਾਰੇ ਲਹਿੰਦੇ ਪੰਜਾਬ ਦੇ ਲੋਕ ਵੀ ਜਾਣ ਸਕਣ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਅੰਤ ਵਿਚ ਹਾਜਰ ਵਿਦਵਾਨਾਂ, ਸੁਸਾਇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ।

Leave a comment