#CANADA

ਮਹਾਨ ਨਾਵਲਕਾਰ ਨਾਨਕ ਸਿੰਘ ਅਤੇ ਨਾਮਵਰ ਸ਼ਾਇਰ ਅਜਾਇਬ ਚਿੱਤਰਕਾਰ ਨੂੰ ਜਨਮ ਦਿਨ ਮੌਕੇ ਯਾਦ ਕੀਤਾ

ਸਰੀ, 6 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਬੁੱਕ ਸਟੋਰ ਤੇ ਇਕੱਤਰ ਹੋਏ ਸਥਾਨਕ ਲੇਖਕਾਂ ਅਤੇ ਕਲਾਕਾਰਾਂ ਵੱਲੋਂ ਪੰਜਾਬੀ ਦੇ ਮਹਾਨ ਨਾਵਲਕਾਰ ਨਾਨਕ ਸਿੰਘ ਅਤੇ ਨਾਮਵਰ ਸ਼ਾਇਰ ਅਜਾਇਬ ਚਿਤਰਕਾਰ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਯਾਦ ਕੀਤਾ ਗਿਆ।

ਨਾਨਕ ਸਿੰਘ ਦੀ ਪੰਜਾਬੀ ਸਾਹਿਤ ਵਿਚ ਵੱਡਮੁੱਲੇ ਯੋਗਦਾਨ  ਨੂੰ ਸਿਜਦਾ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਬਹੁਪੱਖੀ ਮਹਾਨ ਲੇਖਕ ਨਾਨਕ ਸਿੰਘ ਨੇ ਆਪਣੇ ਨਾਵਲਾਂ, ਕਹਾਣੀਆਂ, ਨਾਟਕਾਂ, ਸਵੈ-ਜੀਵਨੀ ਅਤੇ ਅਨੁਵਾਦਿਤ ਰਚਨਾਵਾਂ ਨਾਲ ਪੰਜਾਬੀ ਸਾਹਿਤ ਨੂੰ ਮਾਲੋ ਮਾਲ ਕੀਤਾ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਪੰਜਾਬੀਆਂ ਦੇ ਮਹਿਬੂਬ ਨਾਵਲਕਾਰ ਨਾਨਕ ਸਿੰਘ ਨੇ ਸਮਾਜਿਕ ਕੁਰੀਤੀਆਂ ਦਾ ਖੰਡਨ ਕਰਦਿਆਂ ਸੁਚੇਤ ਤੌਰ ਤੇ ਸਮਾਜ ਸੁਧਾਰ ਦੇ ਕਾਰਜ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ। ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਆਪਣੀ ਨਿਵੇਕਲੀ ਲਿਖਣ ਕਲਾ, ਸਾਦਾ ਅਤੇ ਪ੍ਰਭਾਵਸ਼ਾਲੀ ਸ਼ੈਲੀ ਰਾਹੀਂ ਪੰਜਾਬੀ ਸਾਹਿਤ ਜਗਤ ਨੂੰ ਕਈ ਮਹਾਨ ਨਾਵਲਾਂ ਨਾਲ ਪ੍ਰਫੁੱਲਤ ਕੀਤਾ। ਪੰਜਾਬੀ ਫਿਲਮਾਂ ਦੇ ਨਿਰਮਾਤਾ ਡੀ.ਪੀ. ਅਰਸ਼ੀ ਨੇ ਕਿਹਾ ਕਿ ਨਾਨਕ ਸਿੰਘ ਨੇ ਕਈ ਸ਼ਾਹਕਾਰ ਨਾਵਲਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਦੇ ਨਾਵਲ ਪਵਿੱਤਰ ਪਾਪੀ ਉੱਪਰ ਹਿੰਦੀ ਫਿਲਮ ਵੀ ਬਣਾਈ ਗਈ।

ਸ਼ਾਇਰ ਸਤੀਸ਼ ਗੁਲਾਟੀ ਨੇ ਪ੍ਰਸਿੱਧ ਸ਼ਾਇਰ ਅਜਾਇਬ ਚਿੱਤਰਕਾਰ ਨੂੰ ਆਸ਼ਾਵਾਦੀ ਸ਼ਾਇਰ ਦਸਦਿਆਂ ਕਿਹਾ ਕਿ ਉਨ੍ਹਾਂ ਆਪਣੀ ਕਵਿਤਾ ਅਤੇ ਗ਼ਜ਼ਲ ਰਾਹੀਂ ਪੰਜਾਬੀ ਸ਼ਾਇਰੀ ਨੂੰ ਬੇਹੱਦ ਅਮੀਰੀ ਪ੍ਰਦਾਨ ਕੀਤੀ। ਉਨ੍ਹਾਂ ਦੇ ਕਈ ਸ਼ਿਅਰ ਸਾਂਝੇ ਕਰਦਿਆਂ ਸਤੀਸ਼ ਗੁਲਾਟੀ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਸ਼ਾਇਰ ਦੇ ਨਾਲ ਨਾਲ ਅਜਾਇਬ ਚਿੱਤਰਕਾਰ ਨੇ ਖੂਬਸੂਰਤ ਚਿੱਤਰਕਾਰੀ ਵੀ ਕੀਤੀ ਅਤੇ ਕਈ ਪ੍ਰਦਰਸ਼ਨੀਆਂ ਰਾਹੀਂ ਆਪਣੀ ਚਿਤਰ ਕਲਾ ਦਾ ਪ੍ਰਗਟਾਵਾ ਕੀਤਾ। ਹਰਦਮ ਸਿੰਘ ਮਾਨ ਨੇ ਕਿਹਾ ਕਿ ਨਾਮਵਰ ਸ਼ਾਇਰ ਅਜਾਇਬ ਚਿੱਤਰਕਾਰ ਨੇ ਵਿਸ਼ਵ ਅਮਨ ਲਹਿਰ ਦੇ ਕਵੀ ਦੇ ਤੌਰ ਤੇ ਵਿਸ਼ੇਸ਼ ਨਾਮਣਾ ਕਮਾਇਆ ਅਤੇ ਬਾਲ ਸਾਹਿਤ ਦੀ ਝੋਲੀ ਵਿਚ ਵਰਨਣਯੋਗ ਰਚਨਾਵਾਂ ਦਾ ਯੋਗਦਾਨ ਪਾਇਆ।

Leave a comment