15.7 C
Sacramento
Wednesday, October 4, 2023
spot_img

ਮਸਕਟ ‘ਚ ਫਸੀਆਂ 2 ਮਹਿਲਾਵਾਂ ਪਰਤੀਆਂ ਪੰਜਾਬ , ਫਰਜ਼ੀ ਟਰੈਵਲ ਏਜੰਟਾਂ ਦੀ ਠੱਗੀ ਦਾ ਹੋਈਆਂ ਸ਼ਿਕਾਰ

ਲੁਧਿਆਣਾ, 28 ਜੁਲਾਈ (ਪੰਜਾਬ ਮੇਲ)-  ਪੰਜਾਬ ਤੋਂ ਅਰਬ ਦੇਸ਼ਾਂ ‘ਚ ਸੁਨਹਿਰੀ ਭਵਿੱਖ ਦੀ ਤਲਾਸ਼ ‘ਚ ਗਈਆਂ ਅਤੇ ਫਰਜ਼ੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ ਦੋ ਮਹਿਲਾਵਾਂ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਆਪਣੇ ਵਤਨ ਪਰਤ ਆਈਆਂ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹਾਂ ਦੋਵਾਂ ਬੀਬੀਆਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੈਣ ਲਈ ਪੁੱਜੇ ਹੋਏ ਸਨ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਦੋਵਾਂ ਔਰਤਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਟਰੈਵਲ ਏਜੰਟਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ’ਤੇ ਖਰਚ ਕੀਤੇ ਪੈਸੇ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਰਹਿਣ ਵਾਲੀ ਸੁਨੀਤਾ ਤਿੰਨ ਮਹੀਨੇ ਪਹਿਲਾਂ ਮਸਕਟ ਗਈ ਸੀ। ਸੁਨੀਤਾ ਨੇ ਦੱਸਿਆ ਕਿ ਉਸ ਦੀ ਮਾਸੀ ਨੇ ਉਸ ਨੂੰ ਫਸਾਇਆ ਸੀ। ਮਸਕਟ ਗਈ ਉਸਦੀ ਮਾਸੀ ਨੇ ਫੋਨ ਕਰਕੇ ਕਿਹਾ ਕਿ ਉਹ ਬਿਮਾਰ ਹੋ ਗਈ ਹੈ ਅਤੇ ਇਲਾਜ ਲਈ ਭਾਰਤ ਆਉਣਾ ਚਾਹੁੰਦੀ ਹੈ। ਜੇਕਰ ਉਹ ਉਸ ਦੀ ਥਾਂ ਘਰ ਦੇ ਕੰਮ ਕਰੇਗੀ ਤਾਂ ਉਸ ਨੂੰ ਮੋਟੀ ਤਨਖਾਹ ਵੀ ਮਿਲੇਗੀ। ਸੁਨੀਤਾ ਨੇ ਦੱਸਿਆ ਕਿ ਉਹ 9 ਮਈ ਨੂੰ ਦਿੱਲੀ ਤੋਂ ਮਸਕਟ ਗਈ ਸੀ। ਉਥੇ ਜਾਣ ਤੋਂ ਬਾਅਦ ਉਸ ਨੂੰ ਆਪਣੀ ਮਾਸੀ ਕੋਲ ਲਿਜਾਣ ਦੀ ਬਜਾਏ ਸ਼ਰੀਫਨ ਨਾਂ ਦੀ ਕਿਸੇ ਹੋਰ ਔਰਤ ਕੋਲ ਭੇਜ ਦਿੱਤਾ। ਜਿੱਥੇ ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ। ਸੁਨੀਤਾ ਨੇ ਦੱਸਿਆ ਕਿ ਉਸ ਕੋਲ ਸਿਰਫ਼ ਇੱਕ ਮਹੀਨੇ ਦਾ ਟੂਰਿਸਟ ਵੀਜ਼ਾ ਸੀ।
ਸੁਨੀਤਾ ਨਾਲ ਫਤਿਹਗੜ੍ਹ ਸਾਹਿਬ ਦੀ ਇਕ ਹੋਰ ਔਰਤ ਵੀ ਵਾਪਸ ਪਰਤੀ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਲੀਨ ਕੌਰ 14 ਮਈ ਨੂੰ ਮਸਕਟ ਗਈ ਹੋਈ ਸੀ। ਉਸਦੇ ਰਿਸ਼ਤੇਦਾਰ ਦੀ ਇੱਕ ਲੜਕੀ ਨੇ ਉਸਨੂੰ ਦੱਸਿਆ ਕਿ ਉਹ ਮਸਕਟ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ ਅਤੇ 35,000 ਰੁਪਏ ਕਮਾਉਂਦੀ ਹੈ। ਮਸਕਟ ਪਹੁੰਚਦੇ ਹੀ ਉੱਥੇ ਹੀ ਟਰੈਵਲ ਏਜੰਟ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਕੁੜੀਆਂ ਨੂੰ ਘੱਟ ਪੜ੍ਹਾਈ ਅਤੇ ਸਥਾਨਕ ਭਾਸ਼ਾ ਨਾ ਆਉਣ ਕਰਕੇ ਬੇਵੱਸ ਸਮਝਿਆ ਜਾਂਦਾ ਹੈ।
ਟਰੈਵਲ ਏਜੰਟ ਜਸਲੀਨ ਕੌਰ ਨੂੰ ਟਰੇਨਿੰਗ ਦੇ ਬਹਾਨੇ ਕਿਸੇ ਹੋਰ ਦਫ਼ਤਰ ਲੈ ਗਿਆ, ਜਿੱਥੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਗਿਆ ਅਤੇ ਸ਼ੀਆ ਨਾਂ ਦੀ ਔਰਤ ਨੇ ਉਸ ਨਾਲ ਕੁੱਟਮਾਰ ਕੀਤੀ। ਇਹ ਔਰਤ ਧਮਕੀਆਂ ਦਿੰਦੀ ਸੀ ਕਿ ਜੇਕਰ ਉਸ ਨੂੰ ਭਾਰਤ ਤੋਂ ਪੈਸੇ ਨਾ ਮਿਲੇ ਤਾਂ ਉਸ ਨੂੰ ਗਲਤ ਕੰਮ ਵਿਚ ਪਾ ਦਿੱਤਾ ਜਾਵੇਗਾ। ਜਸਲੀਨ ਕੌਰ ਨੇ ਦੱਸਿਆ ਕਿ ਉਸ ‘ਤੇ ਦਬਾਅ ਪਾ ਕੇ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਪੈਸੇ ਦੀ ਮੰਗ ਕੀਤੀ ਗਈ। ਮਸਕਟ ਤੋਂ ਵਾਪਸ ਆਈਆਂ ਔਰਤਾਂ ਨੇ ਦੱਸਿਆ ਕਿ ਅਜੇ ਵੀ ਕਈ ਲੜਕੀਆਂ ਉੱਥੇ ਫਸੀਆਂ ਹੋਈਆਂ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦੋਵਾਂ ਔਰਤਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਇਕ ਪਰਿਵਾਰ ਨੇ ਉਸ ਨਾਲ 31 ਮਈ ਅਤੇ ਦੂਜੇ ਨੇ 8 ਜੂਨ ਨੂੰ ਸੰਪਰਕ ਕੀਤਾ। ਉਦੋਂ ਹੀ ਦੋਵਾਂ ਦਾ ਮਾਮਲਾ ਉਮਾਨ ਸਥਿਤ ਭਾਰਤੀ ਦੂਤਾਵਾਸ ਨੂੰ ਭੇਜਿਆ ਗਿਆ ਸੀ ਅਤੇ ਅੱਜ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਚਕਾਰ ਆ ਗਏ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਰਾਹੀਂ ਹੀ ਵਿਦੇਸ਼ ਜਾਣ। ਉਨ੍ਹਾਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਵੀ ਧੰਨਵਾਦ ਕੀਤਾ, ਜੋ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles