#PUNJAB

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਮੇਰਾ ਨਾਂ’ ਹੋਇਆ ਰਿਲੀਜ਼

ਜਲੰਧਰ, 7 ਅਪ੍ਰੈਲ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਏ ਤੀਜੇ ਗਾਣੇ ‘ਮੇਰਾ ਨਾਂ’ ਨੇ ਰਿਲੀਜ਼ ਹੁੰਦਿਆਂ ਹੀ ਧੁੰਮਾਂ ਮਚਾ ਦਿੱਤੀਆਂ, ਜਦੋਂ ਕੁਝ ਮਿੰਟਾਂ ‘ਚ ਹੀ ਇਸ ਦੇ ਲੱਖਾਂ ਵਿਊਜ਼ ਹੋ ਗਏ। ਸਿੱਧੂ ਦੇ ਨਵੇਂ ਗਾਣੇ ਦੇ ਹੁਣ ਤਕ 11 ਘੰਟਿਆਂ ‘ਚ 9.6 ਮਿਲੀਅਨ ਵਿਊਜ਼ ਹੋ ਗਏ ਹਨ।
ਇਸ ਗਾਣੇ ਦੀ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਫੁੱਲ ਸਪੋਰਟ ਕੀਤੀ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ‘ਤੇ ਸਿੱਧੂ ਦਾ ਗਾਣਾ ਸਾਂਝਾ ਕਰਦਿਆਂ ਲਿਖਿਆ ‘ਜਿਊਂਦਾ ਰਹਿ’।
ਇਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਦੇਸ਼-ਵਿਦੇਸ਼ ‘ਚ ਲੱਖਾਂ ਦੀ ਗਿਣਤੀ ‘ਚ ਪ੍ਰਸ਼ੰਸਕ ਹਨ। ਉਨ੍ਹਾਂ ਨੂੰ ਆਪਣਾ ਭਰਾ ਬਣਾਉਣ ਵਾਲੀ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੇ ਵੀ ਇਸ ਗਾਣੇ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਦਾ ਗਾਣਾ ਸ਼ੇਅਰ ਕਰਦਿਆਂ ਲਿਖਿਆ ‘ਨਾਮ ਤਾਂ ਰਹਿੰਦੀ ਦੁਨੀਆਂ ਤੱਕ ਰਹੂ…ਕਿਤੇ ਰੱਬ ਕਰਕੇ ਨਾਂ ਦੇ ਨਾਲ ਤੂੰ ਸਾਡੇ ਕੋਲ ਹੁੰਦਾ ਤਾਂ ਗੱਲ ਹੋਰ ਹੋਣੀ ਸੀ…”
ਸਿੱਧੂ ਦੇ ਕਤਲ ਮਗਰੋਂ ਉਨ੍ਹਾਂ ਦਾ ਪਹਿਲਾ ਗਾਣਾ ‘ਐੱਸ.ਵਾਈ.ਐੱਲ.’ ਤੇ ਫਿਰ ਦੂਜੀ ਢਾਡੀ ਵਾਰ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਦੋਵਾਂ ਗਾਣਿਆਂ ਨੂੰ ਵੀ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਸੀ। ਮੂਸੇਵਾਲਾ ਦੇ ਨਵੇਂ ਗਾਣੇ ‘ਮੇਰਾ ਨਾਂ’ ‘ਚ ਉਨ੍ਹਾਂ ਦਾ ਸਾਥ ਬਰਨਾ ਬੁਆਏਜ਼ ਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ।

Leave a comment