#AMERICA

ਮਨਟੀਕਾ ‘ਚ ਪੰਜਾਬੀ ਜੋੜੇ ਦੇ ਕਤਲ ਨਾਲ ਇਲਾਕੇ ‘ਚ ਫੈਲੀ ਸਨਸਨੀ

ਘਰੇਲੂ ਹਿੰਸਾ ਨਾਲ ਜੁੜਿਆ ਹੋ ਸਕਦੈ ਕਤਲ ਦਾ ਮਾਮਲਾ: ਮਨਟੀਕਾ ਪੁਲਿਸ
ਮਨਟੀਕਾ, 13 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਦੀ ਸੈਂਟਰਲਵੈਲੀ ਦੇ ਸ਼ਹਿਰ ਮਨਟੀਕਾ ‘ਚ ਪੰਜਾਬੀ ਜੋੜੇ ਦੇ ਕਤਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੀਡੀਆ ਖ਼ਬਰਾਂ ਮੁਤਾਬਕ ਡੈਵਿਡ ਸਟ੍ਰੀਟ ਦੇ 900 ਬਲਾਕ ਵਿਚੋਂ ਮਨਟੀਕਾ ਪੁਲਿਸ ਨੂੰ 12:30 ਵਜੇ ਦੇ ਕਰੀਬ ਫ਼ੋਨ ਆਇਆ, ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਉਨ੍ਹਾਂ ਅਧਖੜ ਉਮਰ ਦੀ ਔਰਤ ਨੂੰ ਮ੍ਰਿਤਕ ਹਾਲਤ ਵਿਚ ਪਾਇਆ, ਜਿਸ ਨੂੰ ਗੋਲੀ ਲੱਗੀ ਹੋਈ ਸੀ। ਉਸ ਸਮੇਂ ਤੋਂ ਹੀ ਪਤੀ ਸ਼ੱਕੀ ਤੌਰ ‘ਤੇ ਪੁਲਿਸ ਦੇ ਰਡਾਰ ‘ਤੇ ਸੀ। ਉਸ ਪਿੱਛੋਂ ਪਤੀ ਦੀ ਲਾਸ਼ ਵੀ ਮਨਟੀਕਾ ਤੋਂ 55 ਮੀਲ ਦੂਰ ਸੈਂਟਾ-ਨੈਲਾ ਸ਼ਹਿਰ ਅਤੇ ਫਰੀਵੇਅ 5 ਦੇ ਨੇੜਲੇ ਖੇਤਾਂ ਵਿਚੋਂ ਮਿਲੀ।
ਜਾਂਚ ਮਗਰੋਂ ਪੁਲਿਸ ਇਸ ਥਿਊਰੀ ‘ਤੇ ਕੰਮ ਕਰ ਰਹੀ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਹੈ ਅਤੇ ਲੱਗਦਾ ਹੈ ਕਿ ਪਤੀ ਨੇ ਪਹਿਲਾਂ ਘਰ ਵਿਚ ਪਤਨੀ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਆਂਢ-ਗੁਆਂਢ ਵਿਚ ਰਹਿੰਦੇ ਪੰਜਾਬੀਆਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਕਤਲ ਹੋਈ ਔਰਤ ਦਾ ਨਾਮ ਸੰਦੀਪ ਕੌਰ ਹੈ, ਜਿਸਦਾ ਪਿਛੋਕੜ ਪਿੰਡ ਬੁੱਕਣਵਾਲਾ, ਜ਼ਿਲ੍ਹਾ ਮੋਗਾ ਹੈ। ਉਥੇ ਹੀ ਪਤੀ ਦਾ ਨਾਮ ਜਗਜੀਤ ਸਿੰਘ (44) ਪਿਛੋਕੜ ਪਿੰਡ ਬੌਡੇ ਜ਼ਿਲ੍ਹਾ ਮੋਗਾ ਨਾਲ ਹੈ। ਇਸ ਜੋੜੇ ਦੇ 2 ਬੱਚੇ ਉਮਰ ਕ੍ਰਮਵਾਰ 6 ਸਾਲ ਅਤੇ 4 ਸਾਲ ਦੇ ਹਨ,  ਜਿਨ੍ਹਾਂ ਨੂੰ ਪੁਲਿਸ ਨੇ ਫੌਸਟਰ ਹੋਮ ਭੇਜ ਦਿੱਤਾ ਹੈ। ਪੰਜਾਬੀ ਭਾਈਚਾਰੇ ਵਿਚ ਇਹੋ ਜਿਹੀਆਂ ਵੱਧ ਰਹੀਆ ਘਟਨਾਵਾਂ ਕਾਰਨ ਹਰ ਕੋਈ ਚਿੰਤਤ ਹੈ। ਪਹਿਲਾਂ ਇਸ ਤਰ੍ਹਾਂ ਦੀ ਇੱਕ ਘਟਨਾ ਫਰਿਜ਼ਨੋ ‘ਚ ਵਾਪਰੀ ਸੀ, ਫੇਰ ਓਹਾਇਓ ਅਤੇ ਹੁਣ ਮਨਟੀਕਾ ‘ਚ ਵਾਪਰੀ ਇਸ ਘਟਨਾ ਕਾਰਨ ਪੰਜਾਬੀ ਭਾਈਚਾਰਾ ਚਿੰਤਤ ਹੈ।

Leave a comment