#OTHERS

ਮਕਬੂਜ਼ਾ ਕਸ਼ਮੀਰ ‘ਚ ਪਾਕਿ ਵਿਰੁੱਧ ਬਗ਼ਾਵਤ ਹੋਈ ਤੇਜ਼

* ਫ਼ੌਜ ਤੇ ਸਰਕਾਰੀ ਏਜੰਸੀਆਂ ਨੂੰ ਖੇਤਰ ਛੱਡਣ ਲਈ ਦਿੱਤਾ 22 ਅਕਤੂਬਰ ਤੱਕ ਦਾ ਸਮਾਂ
* ਗਿਲਗਿਤ-ਬਾਲਟਿਸਤਾਨ ਤੇ ਪੀ.ਓ.ਕੇ. ਨੂੰ ਭਾਰਤ ‘ਚ ਕੀਤਾ ਜਾਵੇਗਾ ਸ਼ਾਮਲ : ਡਾ. ਮਿਰਜ਼ਾ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਮੇਲ)-ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ‘ਚ ਜਿੱਥੇ ਇਕ ਪਾਸੇ ਪਾਕਿ ਸਰਕਾਰ, ਉੱਥੋਂ ਦੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਖ਼ਿਲਾਫ਼ ਵਿਰੋਧ ਤੇਜ਼ ਹੋ ਗਿਆ ਹੈ। ਉਕਤ ਖੇਤਰ ਸਮੇਤ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ‘ਚ ਸ਼ਾਮਲ ਕਰਨ ਦੀਆਂ ਵੀ ਆਵਾਜ਼ਾਂ ਉੱਠ ਰਹੀਆਂ ਹਨ। ਪਾਕਿਸਤਾਨੀ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਮੀਰਪੁਰ ਦੇ ਨਿਵਾਸੀ ਅਤੇ ਤਹਿਰੀਕ-ਏ-ਇਤਫ਼ਾਕ-ਏ-ਰਾਏ ਦੇ ਮੁਖੀ ਡਾ. ਅਮਜਦ ਅਯੂਬ ਮਿਰਜ਼ਾ ਨੇ ਆਪਣੇ ਨਿੱਜੀ ਯੂ-ਟਿਉਬ ਚੈਨਲ ‘ਤੇ ਇਕ ਵੀਡੀਓ ਜਾਰੀ ਕਰਕੇ ਆਪਣੀ ਪਾਰਟੀ ਅਤੇ ਖੇਤਰ ਦੇ ਲੋਕਾਂ ਵੱਲੋਂ ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਨੂੰ 22 ਅਕਤੂਬਰ ਤੱਕ ਗਿਲਗਿਤ-ਬਾਲਟਿਸਤਾਨ ਅਤੇ ਪੀ.ਓ.ਕੇ. ਵਿਚੋਂ ਨਿਕਲ ਜਾਣ ਦਾ ਅਲਟੀਮੇਟਮ ਦਿੱਤਾ ਹੈ।
ਡਾ. ਮਿਰਜ਼ਾ ਨੇ ਇਹ ਵੀ ਕਿਹਾ ਕਿ ਜੇਕਰ ਤੈਅ ਕੀਤੇ ਦਿਨ ਤੱਕ ਪਾਕਿ ਫ਼ੌਜ ਨੇ ਇਲਾਕਾ ਖਾਲੀ ਨਾ ਕੀਤਾ, ਤਾਂ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਧਰਨੇ-ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਕਬੂਜ਼ਾ ਜੰਮੂ-ਕਸ਼ਮੀਰ ਨੂੰ ਪਾਕਿ ਤੋਂ ਆਜ਼ਾਦ ਕਰਵਾ ਕੇ ਸਭ ਤੋਂ ਪਹਿਲਾਂ ਇਸ ਦੀਆਂ ਅਸੈਂਬਲੀਆਂ ਅਤੇ ਧਾਰਾ 74 ਸਮੇਤ ਸਾਰੇ ਕਾਨੂੰਨ ਰੱਦ ਕੀਤੇ ਜਾਣਗੇ। ਉਸ ਦੇ ਨਾਲ ਹੀ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਤਰ੍ਹਾਂ ਗਿਲਗਿਤ-ਬਾਲਟਿਸਤਾਨ ਅਤੇ ਪੀ.ਓ.ਕੇ. ਨੂੰ ਭਾਰਤ ਦਾ ਹਿੱਸਾ ਬਣਾਇਆ ਜਾਵੇਗਾ। ਇਸ ਸਭ ਤੋਂ ਪਹਿਲਾਂ ਬਾਕਾਇਦਾ ਤਹਿਰੀਕ-ਏ-ਇਤਫ਼ਾਕ-ਏ-ਰਾਏ ਪਾਰਟੀ ਵੱਲੋਂ ਭਾਰਤੀ ਹਕੂਮਤ ਨਾਲ ਗੱਲਬਾਤ ਵੀ ਕੀਤੀ ਜਾਵੇਗੀ।
ਡਾ. ਅਮਜਦ ਅਯੂਬ ਮਿਰਜ਼ਾ ਨੇ ਕਿਹਾ ਕਿ ਪਾਕਿ ਸਰਕਾਰ ਸਾਫ਼ ਤੌਰ ‘ਤੇ ਕਹਿ ਚੁੱਕੀ ਹੈ ਕਿ ਦੇਸ਼ ਦੀਵਾਲੀਆ ਹੋਣ ਦੀ ਕਗਾਰ ‘ਤੇ ਖੜ੍ਹਾ ਹੈ ਅਤੇ ਮਕਬੂਜ਼ਾ ਕਸ਼ਮੀਰ ਤੇ ਗਿਲਗਿਤ-ਬਾਲਟਿਸਤਾਨ ‘ਚ ਸਿਰਫ਼ 5 ਦਿਨਾਂ ਦਾ ਆਟਾ ਬਚਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਸ਼ਹਿਬਾਜ਼ ਸਰਕਾਰ ਤੋਂ ਆਟੇ ਦੀ ਮੰਗ ਕੀਤੀ ਹੈ। ਜਿਸ ‘ਤੇ ਸਰਕਾਰ ਨੇ ਕਿਹਾ ਹੈ ਕਿ ਪਾਕਿ ‘ਚ ਜੋ ਆਟੇ ਦਾ 10 ਕਿੱਲੋ ਦਾ ਥੈਲਾ 1300 ਰੁਪਏ ‘ਚ ਮਿਲਦਾ ਹੈ, ਉਹ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੂੰ 3000 ਰੁਪਏ ‘ਚ ਦਿੱਤਾ ਜਾਵੇਗਾ।

Leave a comment