#CANADA #INDIA

ਭਾਰਤ ਵੱਲੋਂ ਕੈਨੇਡਾ ਨੂੰ 40 ਤੋਂ ਵੱਧ ਡਿਪਲੋਮੈਟ ਵਾਪਸ ਬੁਲਾਉਣ ਦੇ ਨਿਰਦੇਸ਼

-ਦੇਸ਼ ਵਾਪਸੀ ਲਈ 10 ਅਕਤੂਬਰ ਦੀ ਸਮਾਂ ਸੀਮਾ ਤੈਅ
ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਮੇਲ)- ਭਾਰਤ ਅਤੇ ਕੈਨੇਡਾ ਵਿਚਾਲੇ ਵਧੇ ਤਣਾਅ ਦਰਮਿਆਨ ਹੁਣ ਭਾਰਤ ਨੇ ਕੈਨੇਡਾ ਨੂੰ ਆਪਣੇ 40 ਤੋਂ ਵੱਧ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਭਾਰਤ ਸਰਕਾਰ ਨੇ ਦੇਸ਼ ਵਾਪਸੀ ਲਈ 10 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ।
ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ 10 ਅਕਤੂਬਰ ਤੱਕ ਆਪਣੇ 40 ਤੋਂ ਵੱਧ ਡਿਪਲੋਮੈਟਾਂ ਨੂੰ ਦੇਸ਼ ਤੋਂ ਵਾਪਸ ਬੁਲਾ ਲਵੇ।
ਜ਼ਿਕਰਯੋਗ ਹੈ ਕਿ ਇਕ ਹਰਦੀਪ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ। ਭਾਰਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਦੋਵਾਂ ਦੇਸ਼ਾਂ ‘ਚ ਡਿਪਲੋਮੈਟਾਂ ਦੀ ਬਰਾਬਰ ਗਿਣਤੀ ਚਾਹੁੰਦਾ ਹੈ। ਦੱਸਣਯੋਗ ਹੈ ਕਿ ਓਟਾਵਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਨਾਲੋਂ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਵਿਚ ਕਈ ਦਰਜਨ ਵੱਧ ਡਿਪਲੋਮੈਟ ਹਨ। ਕੈਨੇਡਾ ਵਿਚ ਵੱਡੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਕਾਰਨ ਵੱਡੇ ਕੌਂਸੁਲਰ ਸੈਕਸ਼ਨ ਦੀ ਲੋੜ ਪੈਂਦੀ ਹੈ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਨਾ ਗਏ, ਤਾਂ ਇਨ੍ਹਾਂ ਨੂੰ ਮਿਲਦੀ ‘ਡਿਪਲੋਮੈਟਿਕ ਇਮਿਊਨਿਟੀ’ (ਕੂਟਨੀਤਕ ਪੱਧਰ ‘ਤੇ ਮਿਲਦੀ ਵਿਸ਼ੇਸ਼ ਸਹੂਲਤ) ਖ਼ਤਮ ਕਰ ਦਿੱਤੀ ਜਾਵੇਗੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਭਾਰਤ ਵਿਚ 62 ਡਿਪਲੋਮੈਟ ਹਨ ਅਤੇ ਪਹਿਲਾਂ ਭਾਰਤ ਨੇ ਕਿਹਾ ਸੀ ਕਿ ਕੁੱਲ ਗਿਣਤੀ ਵਿਚੋਂ 41 ਘੱਟ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡਾ ਨੂੰ ਦੇਸ਼ ਵਿਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਲਈ ਕਿਹਾ ਸੀ। ਭਾਰਤ ਤੇ ਕੈਨੇਡਾ ਦੇ ਵਿਦੇਸ਼ ਮੰਤਰਾਲਿਆਂ ਨੇ ਇਸ ਮਾਮਲੇ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣਾ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਭਾਰਤ ਵਿਚ ਕੈਨੇਡੀਅਨ ਡਿਪਲੋਮੈਟਿਕ ਸਟਾਫ ਦਾ ਆਕਾਰ ਕੈਨੇਡਾ ਵਿਚ ਨਵੀਂ ਦਿੱਲੀ ਨਾਲੋਂ ਵੱਡਾ ਹੈ ਅਤੇ ਆਪਸੀ ਮੌਜੂਦਗੀ ਵਿਚ ਤਾਕਤ ਅਤੇ ਰੈਂਕ ਦੀ ਬਰਾਬਰੀ ਹੋਣੀ ਚਾਹੀਦੀ ਹੈ। ਕੈਨੇਡਾ ਦੇ ਇਸ ਸ਼ੱਕ ਤੋਂ ਬਾਅਦ ਭਾਰਤ-ਕੈਨੇਡਾ ਸਬੰਧ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ ਕਿ ਕੈਨੇਡਾ ਵਿਚ ਜੂਨ ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟਾਂ ਦੀ ਭੂਮਿਕਾ ਸੀ। ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਦੱਸਦਿਆਂ ਖਾਰਜ ਕੀਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਪਹਿਲਾਂ ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਵਿਰੁੱਧ ”ਹਿੰਸਾ ਦਾ ਮਾਹੌਲ” ਅਤੇ ”ਧਮਕਾਉਣ ਦਾ ਮਾਹੌਲ” ਸੀ।

Leave a comment