#INDIA

ਭਾਰਤ ਨੇ ਦੁਨੀਆਂ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ ਦਾ ਖਿਤਾਬ ਕੀਤਾ ਹਾਸਲ

-ਪੈਂਟਾਗਨ ਨੂੰ ਵੀ ਛੱਡਿਆ ਪਿੱਛੇ
ਨਵੀਂ ਦਿੱਲੀ, 20 ਜੁਲਾਈ (ਪੰਜਾਬ ਮੇਲ)-ਦੁਨੀਆਂ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ ਦਾ ਖਿਤਾਬ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਨਾਂ ‘ਤੇ ਸੀ। ਹੁਣ ਇਕ ਰਿਪੋਰਟ ਮੁਤਾਬਕ ਇਹ ਉਪਲੱਬਧੀ ਗੁਜਰਾਤ ਦੇ ਸੂਰਤ ਵਿਚ ਸਥਿਤ ਇਕ ਇਮਾਰਤ ਨੇ ਹਾਸਲ ਕੀਤੀ ਹੈ, ਜਿਸ ਵਿਚ ਹੀਰਾ ਵਪਾਰ ਕੇਂਦਰ ਹੋਵੇਗਾ। ਇਮਾਰਤ ਦੀ ਉਸਾਰੀ ਨੂੰ ਪੂਰਾ ਕਰਨ ਲਈ ਚਾਰ ਸਾਲ ਲੱਗ ਗਏ। ਇਸ ਇਮਾਰਤ ਦਾ ਅਧਿਕਾਰਤ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਨਵੰਬਰ ਵਿਚ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿਚ 65,000 ਤੋਂ ਵੱਧ ਹੀਰਾ ਪੇਸ਼ੇਵਰ ਕੰਮ ਕਰ ਸਕਣਗੇ, ਜਿਨ੍ਹਾਂ ਵਿਚ ਪਾਲਿਸ਼ ਕਰਨ ਵਾਲੇ, ਕਟਰ ਅਤੇ ਵਪਾਰੀ ਆਦਿ ਸ਼ਾਮਲ ਹੋਣਗੇ। ਇਸਨੂੰ ਵਨ ਸਟਾਪ ਡੈਸਟੀਨੇਸ਼ਨ ਬਣਾਇਆ ਗਿਆ ਹੈ। ਇਸ ਇਮਾਰਤ ਦਾ ਨਾਂ ਸੂਰਤ ਡਾਇਮੰਡ ਬੋਰਸ ਰੱਖਿਆ ਗਿਆ ਹੈ। ਰਿਪੋਰਟਾਂ ਅਨੁਸਾਰ 15-ਮੰਜ਼ਿਲਾ ਇਮਾਰਤ 35 ਏਕੜ ਜ਼ਮੀਨ ਵਿਚ ਫੈਲੀ ਹੋਈ ਹੈ। ਵਿਸ਼ਾਲ ਕੰਪਲੈਕਸ ਬਣਾਉਣ ਵਾਲੀ ਕੰਪਨੀ ਦੇ ਅਨੁਸਾਰ ਇਸ ਵਿਚ 7.1 ਮਿਲੀਅਨ ਵਰਗ ਫੁੱਟ ਤੋਂ ਵੱਧ ਫਲੋਰ ਸਪੇਸ ਸ਼ਾਮਲ ਹੈ।

Leave a comment