#AMERICA

ਭਾਰਤ ਦੇ ਰੂਸ ਨਾਲ ਸਬੰਧਾਂ ਅਤੇ ਜਮਹੂਰੀ ਕਦਰਾਂ ਦੇ ਨਿਘਾਰ ‘ਤੇ ਅਮਰੀਕਾ ਦੀ ਤਿੱਖੀ ਨਜ਼ਰ

* ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਵੱਲੋਂ ਰਿਪੋਰਟ ਜਾਰੀ
* ਰਿਪੋਰਟ ‘ਚ ਬਾਇਡਨ ਸਰਕਾਰ ਨੂੰ ਹਿੰਦ-ਪ੍ਰਸ਼ਾਂਤ ਖ਼ਿੱਤੇ ਵੱਲ ਧਿਆਨ ਦੇਣ ਦੀ ਲੋੜ ਜਤਾਈ
ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਭਾਰਤ ਦੇ ਰੂਸ ਨਾਲ ਸਬੰਧਾਂ ਅਤੇ ਮੁਲਕ ‘ਚ ਜਮਹੂਰੀ ਕਦਰਾਂ-ਕੀਮਤਾਂ ਤੇ ਅਦਾਰਿਆਂ ਦੇ ਨਿਘਾਰ ਵਾਲੇ ਰੁਝਾਨ ‘ਤੇ ਅਮਰੀਕਾ ਦੀ ਤਿੱਖੀ ਨਜ਼ਰ ਹੈ। ਸੈਨੇਟ ਦੀ ਵਿਦੇਸ਼ ਮਾਮਲਿਆਂ ਨਾਲ ਸਬੰਧਤ ਕਮੇਟੀ ਨੇ ਇੱਕ ਰਿਪੋਰਟ ਵਿਚ ਬਾਇਡਨ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣ ਲਈ ਕਿਹਾ ਹੈ। ਅਮਰੀਕਾ ਵੱਲੋਂ ਜਦੋਂ ਰਣਨੀਤਕ ਤੌਰ ‘ਤੇ ਅਹਿਮ ਹਿੰਦ-ਪ੍ਰਸ਼ਾਂਤ ਖ਼ਿੱਤੇ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਭਾਰਤ ਦੇ ਹੋਰ ਮੁਲਕਾਂ ਨਾਲ ਸਬੰਧਾਂ ‘ਤੇ ਵੀ ਨਜ਼ਰ ਰੱਖਣ ਦੀ ਲੋੜ ਜਤਾਈ ਗਈ ਹੈ।
ਡੈਮੋਕਰੈਟਿਕ ਪਾਰਟੀ ਵੱਲੋਂ ਜਾਰੀ ਰਿਪੋਰਟ ਵਿਚ ਮਜ਼ਬੂਤ ਅਤੇ ਜਮਹੂਰੀ ਭਾਰਤ ਦਾ ਸਮਰਥਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਚੀਨ ਖ਼ਿੱਤੇ ‘ਚ ਆਪਣੀ ਤਾਕਤ ਦਿਖਾ ਰਿਹਾ ਹੈ। ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਸੈਨੇਟਰ ਰੌਬਰਟ ਮੈਨੇਂਡੇਜ਼ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਸਾਰੇ ਸਾਧਨਾਂ ਨਾਲ ਹਿੰਦ-ਪ੍ਰਸ਼ਾਂਤ ਖ਼ਿੱਤੇ ‘ਚ ਪਹੁੰਚ ਬਣਾਉਣ ਦੀ ਲੋੜ ਹੈ। ‘ਸਟਰੈਟੇਜਿਕ ਅਲਾਇਨਮੈਂਟ: ਦਿ ਇਮਪੈਰੇਟਿਵ ਆਫ਼ ਰਿਸੌਰਸਿੰਗ ਦਿ ਇੰਡੋ-ਪੈਸੇਫਿਕ ਸਟਰੈਟੇਜੀ’ ਨਾਮ ਦੀ ਰਿਪੋਰਟ ਵੀਰਵਾਰ ਨੂੰ ਜਾਰੀ ਕੀਤੀ ਗਈ ਹੈ। ਮੈਨੇਂਡੇਜ਼ ਨੇ ਕਿਹਾ, ”ਰਾਸ਼ਟਰਪਤੀ ਬਾਇਡਨ ਦੀ ਇੱਕ ਸਾਲ ਪਹਿਲਾਂ ਜਾਰੀ ਕੀਤੀ ਗਈ ਹਿੰਦ-ਪ੍ਰਸ਼ਾਂਤ ਰਣਨੀਤੀ ਸਰਕਾਰ ਦੇ ਦ੍ਰਿਸ਼ਟੀਕੋਣ ‘ਤੇ ਆਧਾਰਿਤ ਹੈ। ਜੇ ਇਹ ਰਣਨੀਤੀ ਸਫ਼ਲ ਹੁੰਦੀ ਹੈ, ਤਾਂ ਇਹ ਸਭ ਤੋਂ ਕਾਰਗਰ ਹੋਵੇਗੀ, ਜਿਸ ਨਾਲ ਅਮਰੀਕਾ ਦਾ ਕੰਟਰੋਲ ਹੋਰ ਮਜ਼ਬੂਤ ਹੋਵੇਗਾ।” ਰਿਪੋਰਟ ਅਨੁਸਾਰ ਬਾਇਡਨ ਸਰਕਾਰ ਆਪਣੀ ਇਸ ਰਣਨੀਤੀ ਨੂੰ ਪੂਰੀ ਤਰ੍ਹਾਂ ਨਾਲ ਚੀਨ ਦੇ ਖ਼ਿਲਾਫ਼ ਨਹੀਂ ਰੱਖ ਰਿਹਾ ਹੈ, ਜੋ ਸਹੀ ਗੱਲ ਹੈ। ਹਾਲਾਂਕਿ ਅਮਰੀਕਾ ਨੂੰ ਇਸ ਰਣਨੀਤੀ ਸਬੰਧੀ ਆਪਣੇ ਸਹਿਯੋਗੀ ਮੁਲਕਾਂ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

Leave a comment