#AMERICA

ਭਾਰਤ ਦੁਨੀਆ ਭਰ ‘ਚ ਪਲਾਸਟਿਕ ਕਚਰਾ ਪੈਦਾ ਕਰਨ ‘ਚ ਮੋਹਰੀ ਮੁਲਕ

ਨਿਊਯਾਰਕ, 6 ਸਤੰਬਰ (ਪੰਜਾਬ ਮੇਲ)- ਪਲਾਸਟਿਕ ਕਚਰਾ ਪੈਦਾ ਕਰਨ ‘ਚ ਭਾਰਤ ਦੁਨੀਆਂ ‘ਚ ਮੋਹਰੀ ਹੈ ਅਤੇ ਦੇਸ਼ ‘ਚ ਸਾਲਾਨਾ 1.2 ਕਰੋੜ ਟਨ ਕੂੜਾ ਪੈਦਾ ਹੋ ਰਿਹਾ ਹੈ। ਯੂ.ਕੇ. ‘ਚ ਯੂਨੀਵਰਸਿਟੀ ਆਫ਼ ਲੀਡਸ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ ‘ਚ ਇਹ ਖ਼ੁਲਾਸਾ ਹੋਇਆ ਹੈ। ਭਾਰਤ ਦੇ 25.5 ਕਰੋੜ ਲੋਕ ਪਲਾਸਟਿਕ ਕਚਰਾ ਪੈਦਾ ਕਰਦੇ ਹਨ। ਦੁਨੀਆਂ ਭਰ ‘ਚ ਹਰ ਸਾਲ 5.7 ਕਰੋੜ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ ਅਤੇ ਇਹ ਸਮੁੰਦਰ ਤੋਂ ਲੈ ਕੇ ਉੱਚੀ ਚੋਟੀਆਂ ਅਤੇ ਲੋਕਾਂ ਦੇ ਸਰੀਰ ਅੰਦਰ ਤੱਕ ਫੈਲਿਆ ਹੋਇਆ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ ਦੋ-ਤਿਹਾਈ ਤੋਂ ਵਧ ਕੂੜਾ ਆਲਮੀ ਦੱਖਣ ਤੋਂ ਆਉਂਦਾ ਹੈ। ਖੋਜੀਆਂ ਮੁਤਾਬਕ ਹਰ ਸਾਲ ਇੰਨਾ ਪ੍ਰਦੂਸ਼ਣ ਪੈਦਾ ਹੁੰਦਾ ਹੈ ਕਿ ਨਿਊਯਾਰਕ ਸ਼ਹਿਰ ਦੇ ਸੈਂਟਰਲ ਪਾਰਕ ਐਂਪਾਇਰ ਸਟੇਟ ਬਿਲਡਿੰਗ ਜਿੰਨਾ ਉੱਚਾ ਪਲਾਸਟਿਕ ਕਚਰੇ ਦਾ ਪਹਾੜ ਬਣ ਸਕਦਾ ਹੈ। ਉਨ੍ਹਾਂ ਦੁਨੀਆਂ ਭਰ ਦੇ 50 ਹਜ਼ਾਰ ਤੋਂ ਵਧ ਸ਼ਹਿਰਾਂ ਅਤੇ ਕਸਬਿਆਂ ‘ਚ ਸਥਾਨਕ ਪੱਧਰ ‘ਤੇ ਪੈਦਾ ਹੁੰਦੇ ਕਚਰੇ ਦੀ ਜਾਂਚ ਕੀਤੀ। ਅਧਿਐਨ ‘ਚ ਉਸ ਪਲਾਸਟਿਕ ਦੀ ਜਾਂਚ ਕੀਤੀ ਗਈ, ਜੋ ਖੁੱਲ੍ਹੇ ਵਾਤਾਵਰਨ ‘ਚ ਜਾਂਦਾ ਹੈ, ਨਾ ਕਿ ਉਸ ਪਲਾਸਟਿਕ ਦੀ ਜੋ ਕੂੜੇ ‘ਚ ਜਾਂਦਾ ਹੈ ਜਾਂ ਸਹੀ ਢੰਗ ਨਾਲ ਸਾੜ ਦਿੱਤਾ ਜਾਂਦਾ ਹੈ।