#INDIA

ਭਾਰਤ ਤੇ ਰੂਸ ਦੇ ਫੈਸਲੇ ਨਾਲ ਦੁਨੀਆਂ ਭਰ ‘ਚ ਹਾਹਾਕਾਰ

-ਚੌਲਾਂ ਦੀਆਂ ਕੀਮਤਾਂ ਨੇ ਤੋੜਿਆ 12 ਸਾਲ ਦਾ ਰਿਕਾਰਡ
ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਭਾਰਤ ਤੇ ਰੂਸ ਦੇ ਇੱਕ ਫੈਸਲੇ ਨੇ ਪੂਰੀ ਦੁਨੀਆਂ ਵਿਚ ਖਲਬਲੀ ਮਚਾ ਦਿੱਤੀ ਹੈ। ਸੰਯੁਕਤ ਰਾਸ਼ਟਰ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫ.ਏ.ਓ.) ਅਨੁਸਾਰ, ਚੌਲਾਂ ਤੇ ਬਨਸਪਤੀ ਤੇਲ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਇਨ੍ਹਾਂ ਮਹੀਨਿਆਂ ਵਿਚ ਪਹਿਲੀ ਵਾਰ ਇੰਨੀਆਂ ਜ਼ਿਆਦਾ ਵਧੀਆਂ ਹਨ। ਇੰਨਾ ਹੀ ਨਹੀਂ, ਚੌਲਾਂ ਦੀਆਂ ਕੀਮਤਾਂ 12 ਸਾਲਾਂ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ।
ਸੰਯੁਕਤ ਰਾਸ਼ਟਰ ਏਜੰਸੀ ਅਨੁਸਾਰ, ਯੁਕਰੇਨ ਨੂੰ ਦੁਨੀਆਂ ਭਰ ਵਿਚ ਅਨਾਜ ਭੇਜਣ ਦੀ ਇਜਾਜ਼ਤ ਦੇਣ ਵਾਲੇ ਯੁੱਧਕਾਲੀਨ ਸਮਝੌਤੇ ਤੋਂ ਰੂਸ ਦਾ ਬਾਹਰ ਹੋਣਾ ਤੇ ਭਾਰਤ ਵੱਲੋਂ ਚੌਲ ਦੇ ਕੁਝ ਨਿਰਯਾਤ ‘ਤੇ ਪਾਬੰਦੀ ਲਾਉਣ ਵਰਗੇ ਕਾਰਕ ਇਸ ਮਹਿੰਗਾਈ ਲਈ ਜ਼ਿੰਮੇਵਾਰ ਹਨ।
ਸੰਯੁਕਤ ਰਾਸ਼ਟਰ ਦੀ ਖੁਰਾਕ ਏਜੰਸੀ ਐੱਫ.ਏ.ਓ. ਮੁਤਾਬਕ ਚੌਲਾਂ ਦਾ ਮੁੱਲ ਸੂਚਕ ਅੰਕ ਜੁਲਾਈ ‘ਚ 2.8 ਫੀਸਦੀ ਦੇ ਵਾਧੇ ਨਾਲ 12 ਸਾਲ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਇਹ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ 20 ਫੀਸਦੀ ਵਧਿਆ ਹੈ ਤੇ ਸਤੰਬਰ 2011 ਤੋਂ ਬਾਅਦ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਐੱਫ.ਏ.ਓ. ਫੂਡ ਪ੍ਰਾਈਸ ਇੰਡੈਕਸ ਵਿਸ਼ਵ ਪੱਧਰ ‘ਤੇ ਕਾਰੋਬਾਰ ਵਾਲੀਆਂ ਭੋਜਨ ਵਸਤੂਆਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿਚ ਮਹੀਨਾਵਾਰ ਤਬਦੀਲੀ ਨੂੰ ਟ੍ਰੈਕ ਕਰਦਾ ਹੈ।
ਰਿਪੋਰਟ ਮੁਤਾਬਕ ਐੱਫ.ਏ.ਓ. ਦੇ ਸਾਰੇ ਚੌਲ ਕੀਮਤ ਸੂਚਕਾਂਕ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਦੇ 126.2 ਅੰਕਾਂ ਦੇ ਮੁਕਾਬਲੇ ਜੁਲਾਈ ਵਿਚ ਔਸਤਨ 129.7 ਪੁਆਇੰਟ ਰਿਹਾ। ਐੱਫ.ਏ.ਓ. ਅਨੁਸਾਰ, ਜੁਲਾਈ ਦਾ ਸਕੋਰ ਪਿਛਲੇ ਸਾਲ ਦੇ 108.4 ਸਕੋਰ ਤੋਂ ਲਗਭਗ 19.7 ਪ੍ਰਤੀਸ਼ਤ ਵੱਧ ਸੀ ਤੇ ਸਤੰਬਰ 2011 ਤੋਂ ਬਾਅਦ ਸਭ ਤੋਂ ਵੱਧ ਸੀ।
ਐੱਫ.ਏ.ਓ. ਨੇ ਚੇਤਾਵਨੀ ਦਿੱਤੀ ਹੈ ਕਿ ਚੌਲਾਂ ਦੀਆਂ ਕੀਮਤਾਂ ‘ਤੇ ਇਹ ਵਧਦਾ ਦਬਾਅ ਵਿਸ਼ਵ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਲਈ ਜ਼ਰੂਰੀ ਭੋਜਨ ਸੁਰੱਖਿਆ ਚਿੰਤਾਵਾਂ ਨੂੰ ਵਧਾਉਂਦਾ ਹੈ, ਖਾਸ ਤੌਰ ‘ਤੇ ਉਨ੍ਹਾਂ ਲਈ ਜੋ ਸਭ ਤੋਂ ਗਰੀਬ ਹਨ ਤੇ ਜੋ ਭੋਜਨ ਖਰੀਦਣ ਲਈ ਆਪਣੀ ਆਮਦਨ ਦਾ ਵੱਡਾ ਹਿੱਸਾ ਖਰਚ ਕਰਦੇ ਹਨ।

Leave a comment