ਵਿਨੀਪੈਗ, 9 ਮਈ (ਪੰਜਾਬ ਮੇਲ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋ ਰਹੀ ਜੰਗ ਨੂੰ ਲੈ ਕੇ ਵਿਦੇਸ਼ਾਂ ‘ਚ ਬੈਠੇ ਪ੍ਰਵਾਸੀ ਭਾਰਤੀ ਬਹੁਤ ਫਿਕਰਮੰਦ ਹਨ। ਖਾਸ ਕਰਕੇ ਜੰਗ ਦਾ ਖੌਫ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਚਿਹਰਿਆਂ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਦੋਵਾਂ ਪੰਜਾਬਾਂ ਨੇ 1965 ਤੇ 1971 ਦੀਆਂ ਭਾਰਤ ਤੇ ਪਾਕਿਸਤਾਨ ਜੰਗਾਂ ਦਾ ਸੰਤਾਪ ਹੰਢਾਇਆ ਹੈ। ਜੰਗ ਲੱਗਣ ਨਾਲ ਸਾਂਝੇ ਪੰਜਾਬ ਦਾ ਨੁਕਸਾਨ ਬਾਕੀ ਦੇਸ਼ ਦੇ ਨੁਕਸਾਨ ਤੋਂ ਬਹੁਤ ਜ਼ਿਆਦਾ ਹੈ। ਪ੍ਰਵਾਸੀ ਭਾਰਤੀ ਇਸ ਮੌਕੇ ਕਾਫ਼ੀ ਚਿੰਤਾ ਵਿਚ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਤੇ ਸਕੇ ਸੰਬੰਧੀ ਪੰਜਾਬ ਵਿਚ ਬੈਠੇ ਹਨ। ਪ੍ਰਵਾਸੀਆਂ ਵੱਲੋਂ ਲਗਾਤਾਰ ਆਪਣੇ ਪਰਿਵਾਰਾਂ ਨਾਲ ਰਾਬਤਾ ਕਰਕੇ ਜਾਂ ਮੀਡੀਆ ਰਾਹੀਂ ਭਾਰਤ ਤੇ ਪਾਕਿਸਤਾਨ ਦੇ ਚੱਲ ਰਹੇ ਯੁੱਧ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਕਈ ਪ੍ਰਵਾਸੀ ਭਾਰਤੀ ਜੋ ਭਾਰਤ ਗਏ ਹਨ, ਉਨ੍ਹਾਂ ਦੇ ਵਿਦੇਸ਼ ਬੈਠੇ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਯਤਨ ਤੇਜ਼ ਕੀਤੇ ਜਾ ਰਹੇ ਹਨ।
ਭਾਰਤ ਤੇ ਪਾਕਿਸਤਾਨ ਜੰਗ ਨੂੰ ਲੈ ਕੇ ਪ੍ਰਵਾਸੀ ਭਾਰਤੀ ਫਿਕਰਮੰਦ
