#INDIA

ਭਾਰਤ ਛੱਡ ਵਿਦੇਸ਼ਾਂ ਨੂੰ ਜਾ ਰਹੇ ਲੱਖਾਂ ਭਾਰਤੀ!

– ਪਿਛਲੇ ਸਾਲ 3,73,434 ਭਾਰਤੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਹੋਈ ਜਾਰੀ
ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ ਪਰ ਅਜੇ ਵੀ ਵੱਡੀ ਗਿਣਤੀ ਵਿਚ ਭਾਰਤੀ ਆਪਣੇ ਬਿਹਤਰ ਭਵਿੱਖ ਦੀ ਭਾਲ ਵਿਚ ਦੂਜੇ ਦੇਸ਼ਾਂ ਵਿਚ ਜਾ ਰਹੇ ਹਨ। ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ-ਨਾਲ ਨੌਕਰੀ ਤੇ ਰੁਜਗਾਰ ਲਈ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਲੱਖਾਂ ਭਾਰਤੀ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। 14 ਮਾਰਚ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਸਾਲ 2022 ਵਿਚ ਇਮੀਗ੍ਰੇਸ਼ਨ ਐਕਟ, 1983 ਤਹਿਤ 3,73,434 ਭਾਰਤੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਜਾਰੀ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 10,654 ਪੰਜਾਬ ਦੇ ਸਨ। ਇਹ ਅੰਕੜਾ ਪਿਛਲੇ ਸਮੇਂ ਦੌਰਾਨ ਲਗਾਤਾਰ ਵਧ ਰਿਹਾ ਹੈ। ਦਰਅਸਲ ਭਾਰਤ ਵਿਚ ਚੰਗੀ ਨੌਕਰੀ ਦੇ ਨਾਲ ਹੀ ਲੋਕਾਂ ਦੇ ਸਾਹਮਣੇ ਤਨਖਾਹ ਦੀ ਸਮੱਸਿਆ ਖੜ੍ਹੀ ਰਹਿੰਦੀ ਹੈ। ਨੌਜਵਾਨਾਂ ਨੂੰ ਆਪਣੀ ਯੋਗਤਾ ਅਨੁਸਾਰ ਤਨਖਾਹ ਘੱਟ ਲੱਗਦੀ ਹੈ। ਲੋਕਾਂ ਨੂੰ ਇੰਨਾ ਪੈਸਾ ਨਹੀਂ ਮਿਲ ਰਿਹਾ ਕਿ ਉਹ ਚੰਗੀ ਤਰ੍ਹਾਂ ਜੀਵਨ ਬਤੀਤ ਕਰ ਸਕਣ। ਇਸ ਕਾਰਨ ਲੋਕ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।
ਜ਼ਿਆਦਾਤਰ ਭਾਰਤੀ ਬਿਹਤਰ ਤਨਖ਼ਾਹ ਲਈ ਵਿਦੇਸ਼ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਕੰਮ ਕਰਨ ਦਾ ਮਾਹੌਲ ਭਾਰਤ ਨਾਲੋਂ ਵਧੀਆ ਹੈ। ਉੱਥੇ ਜਿੰਨਾ ਕੰਮ ਤੁਸੀਂ ਕਰਦੇ ਹੋ, ਉਸ ਹਿਸਾਬ ਨਾਲ ਹੀ ਪੈਸਾ ਵੀ ਚੰਗਾ ਮਿਲਦਾ ਹੈ। ਇਸ ਲਈ ਉਹ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੇ। ਦੱਸ ਦਈਏ ਕਿ ਦੁਨੀਆਂ ਵਿਚ ਸਭ ਤੋਂ ਵੱਧ ਔਸਤ ਮਾਸਿਕ ਸ਼ੁੱਧ ਤਨਖਾਹ ਸਵਿਟਜ਼ਰਲੈਂਡ ਵਿਚ ਹੈ। ਇੱਥੇ ਔਸਤ ਮਾਸਿਕ ਸ਼ੁੱਧ ਤਨਖਾਹ 6,096 ਡਾਲਰ (4,98,652 ਰੁਪਏ) ਹੈ। ਸਿੰਗਾਪੁਰ ਵਿਚ ਔਸਤ ਮਾਸਿਕ ਸ਼ੁੱਧ ਤਨਖਾਹ 4989 ਡਾਲਰ (4,08,100 ਰੁਪਏ) ਹੈ। ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਮਹੀਨਾਵਾਰ ਤਨਖਾਹ 4245 ਡਾਲਰ (3,47,241 ਰੁਪਏ) ਹੈ। ਲੱਖਾਂ ਭਾਰਤੀ ਅਮਰੀਕਾ ਜਾਣ ਦੀ ਇੱਛਾ ਰੱਖਦੇ ਹਨ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਉੱਥੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿਚ 46 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ। ਦੂਜੇ ਨੰਬਰ ‘ਤੇ ਸੰਯੁਕਤ ਅਰਬ ਅਮੀਰਾਤ ਹੈ, ਜਿੱਥੇ 31.5 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਤੀਜੇ ਨੰਬਰ ‘ਤੇ ਮਲੇਸ਼ੀਆ ਆਉਂਦਾ ਹੈ, ਜਿੱਥੇ ਲਗਪਗ 30 ਲੱਖ ਭਾਰਤੀ ਰਹਿੰਦੇ ਹਨ। ਇਮੀਗ੍ਰੇਸ਼ਨ ਐਕਟ, 1983, ਭਾਰਤ ਦੇ ਨਾਗਰਿਕਾਂ ਨੂੰ ਵਿਦੇਸ਼ਾਂ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਕਾਨੂੰਨ ਤਹਿਤ ਭਾਰਤੀਆਂ ਨੂੰ 18 ਦੇਸ਼ਾਂ ਵਿਚ ਰੁਜ਼ਗਾਰ ਲਈ ਇਮੀਗ੍ਰੇਸ਼ਨ ਕਲੀਅਰੈਂਸ ਜਾਰੀ ਕੀਤੀ ਜਾਂਦੀ ਹੈ। ਇਹ ਦੇਸ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਸਾਊਦੀ ਅਰਬ, ਇੰਡੋਨੇਸ਼ੀਆ, ਕਤਰ, ਓਮਾਨ, ਕੁਵੈਤ, ਬਹਿਰੀਨ, ਮਲੇਸ਼ੀਆ, ਲੀਬੀਆ, ਜਾਰਡਨ, ਯਮਨ, ਸੂਡਾਨ, ਦੱਖਣੀ ਸੂਡਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਸੀਰੀਆ, ਲੇਬਨਾਨ ਤੇ ਥਾਈਲੈਂਡ ਹਨ।

Leave a comment