#AMERICA

ਭਾਰਤ-ਅਮਰੀਕਾ ਮਜ਼ਬੂਤ ਰਿਸ਼ਤੇ ਚੀਨ ਤੋਂ ‘ਆਰਥਿਕ ਆਜ਼ਾਦੀ’ ਦਿਵਾ ਸਕਦੈ: ਰਾਮਾਸਵਾਮੀ

ਵਾਸ਼ਿੰਗਟਨ, 29 ਅਗਸਤ (ਪੰਜਾਬ ਮੇਲ)- ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ-ਅਮਰੀਕੀ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਦਾ ਮੰਨਣਾ ਹੈ ਕਿ ਭਾਰਤ ਨਾਲ ਮਜ਼ਬੂਤ ਰਿਸ਼ਤੇ ਚੀਨ ਤੋਂ ਆਰਥਿਕ ‘ਆਜ਼ਾਦੀ’ ਐਲਾਨਣ ਵਿੱਚ ਅਮਰੀਕਾ ਲਈ ਮਦਦਗਾਰ ਹੋ ਸਕਦੇ ਹਨ। ਰਾਮਾਸਵਾਮੀ ਨੇ ਅੰਡੇਮਾਨ ਸਾਗਰ ਵਿੱਚ ਫੌਜੀ ਸਬੰਧਾਂ ਸਣੇ ਨਵੀਂ ਦਿੱਲੀ ਨਾਲ ਮਜ਼ਬੂਤ ਰਣਨੀਤਕ ਰਿਸ਼ਤਿਆਂ ਦਾ ਸੱਦਾ ਦਿੱਤਾ ਹੈ। ਰਾਮਾਸਵਾਮੀ 38 ਸਾਲ ਦੀ ਉਮਰ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਸਭ ਤੋਂ ਨੌਜਵਾਨ ਰਿਪਬਲਿਕਨ ਉਮੀਦਵਾਰ ਹੋਣਗੇ। ਉਹ ਅੱਜਕੱਲ੍ਹ ਲੋਆ ਸੂਬੇ ਦੇ ਦੋ ਰੋਜ਼ਾ ਦੌਰੇ ‘ਤੇ ਹਨ। ਲੋਆ 15 ਜਨਵਰੀ ਤੋਂ 2024 ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਸੀਜ਼ਨ ਦਾ ਆਗਾਜ਼ ਕਰੇਗਾ।
ਰਾਮਾਸਵਾਮੀ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ, ”ਅਮਰੀਕਾ ਤੇ ਭਾਰਤ ਦੇ ਮਜ਼ਬੂਤ ਰਿਸ਼ਤੇ ਅਮਰੀਕਾ ਨੂੰ ਚੀਨ ਤੋਂ ਆਰਥਿਕ ਆਜ਼ਾਦੀ ਐਲਾਨਣ ਵਿਚ ਮਦਦਗਾਰ ਹੋ ਸਕਦੇ ਹਨ। ਅਮਰੀਕਾ ਅੱਜ ਆਰਥਿਕ ਤੌਰ ‘ਤੇ ਚੀਨ ਉੱਤੇ ਨਿਰਭਰ ਹੈ, ਪਰ ਭਾਰਤ ਨਾਲ ਮਜ਼ਬੂਤ ਰਿਸ਼ਤਿਆਂ ਦੀ ਸੂਰਤ ਵਿੱਚ, ਚੀਨ ਨਾਲ ਇਸ ਰਿਸ਼ਤੇ ਤੋਂ ਆਜ਼ਾਦੀ ਐਲਾਨਣੀ ਸੁਖਾਲੀ ਹੋ ਜਾਵੇਗੀ।” ਦੂਜੀ ਪੀੜ੍ਹੀ ਦੇ ਭਾਰਤੀ-ਅਮਰੀਕੀ ਰਾਮਾਸਵਾਮੀ ਨੇ 2014 ਵਿੱਚ ਰੌਇਵੈਂਟ ਸਾਇੰਸਜ਼ ਦੀ ਸਥਾਪਨਾ ਕੀਤੀ ਅਤੇ 2015 ਤੇ 2016 ਵਿੱਚ ਸਭ ਤੋਂ ਵੱਡੇ ਬਾਇਓਟੈੱਕ ਆਈਪੀਓਜ਼ ਦੀ ਅਗਵਾਈ ਕੀਤੀ। ਮਿਲਵਾਕੀ (ਵਿਸਕਾਨਸਿਨ) ਵਿੱਚ 23 ਅਗਸਤ ਨੂੰ ਰਾਸ਼ਟਰਪਤੀ ਚੋਣਾਂ ਦੀ ਪਲੇਠੀ ਡਿਬੇਟ ਦੌਰਾਨ ਰਾਮਾਸਵਾਮੀ ਦੇ ਪੋਲਿੰਗ ਨੰਬਰਾਂ ਵਿੱਚ ਇਜ਼ਾਫਾ ਹੋਇਆ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਹੋਰਨਾਂ ਉਮੀਦਵਾਰਾਂ ਵਿਚ ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਦੱਖਣੀ ਕੈਰੋਲੀਨਾ ਦੇ ਰਾਜਪਾਲ ਨਿੱਕੀ ਹੇਲੀ ਸ਼ਾਮਲ ਹਨ। ਰਾਮਾਸਵਾਮੀ ਇਸ ਦੌੜ ਵਿਚ ਅਚਾਨਕ ਅੱਗੇ ਨਿਕਲੇ ਹਨ।

Leave a comment