ਲਾਹੌਰ, 27 ਜੁਲਾਈ (ਪੰਜਾਬ ਮੇਲ)- ਸਤਲੁਜ ‘ਚ ਆਏ ਹੜ੍ਹ ਦੇ ਪਾਣੀ ਵਿਚ ਰੁੜ੍ਹ ਕੇ ਪਾਕਿਸਤਾਨ ਵਿਚ ਦਾਖਲ ਹੋਏ ਇਕ ਭਾਰਤੀ ਨਾਗਰਿਕ ਨੂੰ ਖੁਫ਼ੀਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਬੋਲਾ ਹੈ ਤੇ ਇਸ਼ਾਰਿਆਂ ਨਾਲ ਹੀ ਗੱਲਬਾਤ ਕਰ ਰਿਹਾ ਹੈ। ਉਸ ਦੀ ਉਮਰ 50 ਸਾਲ ਦੇ ਨੇੜੇ-ਤੇੜੇ ਦੱਸੀ ਗਈ ਹੈ। ਉਸ ਨੇ ਦੱਸਿਆ ਹੈ ਕਿ ਉਹ ਹਿੰਦੂ ਹੈ ਤੇ ਹੜ੍ਹ ਦੇ ਪਾਣੀ ਵਿਚ ਰੁੜ੍ਹ ਕੇ ਇਧਰ ਆ ਗਿਆ ਹੈ। ਉਸ ਨੂੰ ਬਚਾਉਣ ਵਾਲੇ ਇਕ ਵਿੰਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਵਿਅਕਤੀ ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਵਾਲਾ ਨੇੜੇ ਸਤਲੁਜ ਵਿਚ ਰੁੜ੍ਹ ਕੇ ਆਇਆ ਹੈ। ਇਹ ਥਾਂ ਲਾਹੌਰ ਤੋਂ 70 ਕਿਲੋਮੀਟਰ ਦੂਰ ਹੈ। ਮੈਡੀਕਲ ਤੋਂ ਬਾਅਦ ਇਸ ਵਿਅਕਤੀ ਨੂੰ ਜਾਂਚ ਲਈ ਖ਼ੁਫੀਆ ਏਜੰਸੀਆਂ ਹਵਾਲੇ ਕਰ ਦਿੱਤਾ ਗਿਆ ਹੈ।