-ਪੰਜਾਬ ਤੇ ਮਹਾਰਾਸ਼ਟਰ ਨੂੰ ਛੱਡ ਕੇ ਮਾਨਤਾ ਪ੍ਰਾਪਤ 23 ਇਕਾਈਆਂ ਦੇ ਬ੍ਰਿਜ ਭੂਸ਼ਨ ਦੇ ਉਮੀਦਵਾਰ ਦੇ ਹੱਕ ‘ਚ ਵੋਟ ਪਾਉਣ ਦੀ ਸੰਭਾਵਨਾ
ਨਵੀਂ ਦਿੱਲੀ, 16 ਜੂਨ (ਪੰਜਾਬ ਮੇਲ)- ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐੱਫ.ਆਈ.) ਦੀਆਂ 6 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਿਸੇ ਹਮਾਇਤੀ/ਨੇੜਲੇ ਨੂੰ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਬ੍ਰਿਜ ਭੂਸ਼ਣ ਖਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਲੜਾਈ ਲੜ ਰਹੇ ਪਹਿਲਵਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਸਿੰਘ, ਉਸ ਦੇ ਪਰਿਵਾਰਕ ਮੈਂਬਰਾਂ ਤੇ ਹਮਾਇਤੀਆਂ ਨੂੰ ਇਨ੍ਹਾਂ ਚੋਣਾਂ ਤੋਂ ਦੂਰ ਰੱਖਿਆ ਜਾਵੇ। ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਰਾਜਾਂ ਤੇ ਯੂਟੀਜ਼ ਦੀਆਂ ਇਕਾਈਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਚੋਣਾਂ ਮਗਰੋਂ ਜੋ ਵੀ ਪ੍ਰਧਾਨ ਬਣੇਗਾ ਉਹ ਬ੍ਰਿਜ ਭੂਸ਼ਨ ਦਾ ਹੀ ਕੋਈ ਨੇੜਲਾ ਹੋਵੇਗਾ। ਦੇਸ਼ ਵਿਚ ਇਸ ਸਮੇਂ ਡਬਲਯੂ.ਐੱਫ.ਆਈ. ਤੋਂ ਮਾਨਤਾ ਪ੍ਰਾਪਤ 25 ਇਕਾਈਆਂ ਹਨ। ਇਹ ਇਕਾਈਆਂ ਇਲੈਕਟੋਰਲ ਕਾਲਜ ਦਾ ਹਿੱਸਾ ਬਣਨ ਲਈ ਦੋ ਨਾਂ ਭੇਜਣਗੀਆਂ ਜੋ ਉਨ੍ਹਾਂ ਦੀ ਕਾਰਜਕਾਰੀ ਸੰਸਥਾ ਦੇ ਮੈਂਬਰ ਹੋਣਗੇ। ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਸੂਬਾਈ ਤੇ ਯੂਟੀ ਇਕਾਈਆਂ ਦੀਆਂ ਕਾਰਜਕਾਰੀ ਸੰਸਥਾਵਾਂ ਦੇ ਮੈਂਬਰ ਹੀ ਇਸ ਚੋਣ ‘ਚ ਵੋਟ ਪਾ ਸਕਦੇ ਹਨ। ਮਹਾਰਾਸ਼ਟਰ ਤੇ ਪੰਜਾਬ ਨੂੰ ਛੱਡ ਕੇ ਬਾਕੀ 23 ਇਕਾਈਆਂ ਦੇ ਬ੍ਰਿਜ ਭੂਸ਼ਨ ਦੇ ਉਮੀਦਵਾਰ ਦੇ ਹੱਕ ‘ਚ ਵੋਟ ਪਾਉਣ ਦੀ ਸੰਭਾਵਨਾ ਹੈ।