#AMERICA

ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰੀ ਦਾ ਐਲਾਨ

ਵਾਸ਼ਿੰਗਟਨ, 22 ਫਰਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਸਾਲ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੁਣ ਤੱਕ ਭਾਰਤੀ ਮੂਲ ਦੇ ਦੋ ਲੋਕ ਅਮਰੀਕੀ ਰਾਸ਼ਟਰਪਤੀ ਲਈ ਨਾਮਜ਼ਦਗੀ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਵੀ 2024 ‘ਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਸ ਨੇ ਆਪਣੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।
ਵਿਵੇਕ ਰਾਮਾਸਵਾਮੀ ਇੱਕ ਕਰੋੜਪਤੀ ਕਾਰੋਬਾਰੀ ਹਨ ਅਤੇ ਅਮਰੀਕਾ ਦੇ ਆਇਓਵਾ ਰਾਜ ਵਿਚ, ਉਹ ਆਪਣੀ ਉਮੀਦਵਾਰੀ ਦੇ ਪ੍ਰਚਾਰ ਲਈ ਕਈ ਸਮਾਗਮਾਂ ਦਾ ਆਯੋਜਨ ਕਰ ਰਹੇ ਹਨ। ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਵਿਚਾਰ ਆਧਾਰਿਤ ਮੁਹਿੰਮ ਸ਼ੁਰੂ ਕਰਨ ‘ਤੇ ਧਿਆਨ ਦੇ ਰਹੇ ਹਨ। ਦੱਸ ਦੇਈਏ ਕਿ ਵਿਵੇਕ ਰਾਮਾਸਵਾਮੀ ਦੇ ਪਿਤਾ ਇੱਕ ਜਨਰਲ ਇਲੈਕਟ੍ਰਿਕ ਇੰਜੀਨੀਅਰ ਸਨ ਅਤੇ ਭਾਰਤ ਦੇ ਕੇਰਲ ਤੋਂ ਅਮਰੀਕਾ ਵਿਚ ਸੈਟਲ ਹੋਏ ਸਨ। ਰਾਮਾਸਵਾਮੀ ਦੀ ਮਾਂ ਮਨੋਵਿਗਿਆਨੀ ਸੀ। ਰਾਮਾਸਵਾਮੀ ਦਾ ਜਨਮ ਅਮਰੀਕਾ ਦੇ ਸਿਨਸਿਨਾਟੀ ਵਿਚ ਹੋਇਆ ਸੀ। ਹਾਰਵਰਡ ਅਤੇ ਯੇਲ ਯੂਨੀਵਰਸਿਟੀ ਤੋਂ ਪੜ੍ਹੇ ਵਿਵੇਕ ਰਾਮਾਸਵਾਮੀ ਦੀ ਜਾਇਦਾਦ 50 ਕਰੋੜ ਡਾਲਰ ਦੇ ਕਰੀਬ ਹੈ। ਵਿਵੇਕ ਰਾਮਾਸਵਾਮੀ ਇੱਕ ਬਾਇਓਟੈਕ ਕੰਪਨੀ ਦੇ ਮਾਲਕ ਹਨ।
ਇਸ ਤੋਂ ਪਹਿਲਾਂ ਅਮਰੀਕਾ ‘ਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਵੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਵਰਣਨਯੋਗ ਹੈ ਕਿ ਰਿਪਬਲਿਕਨ ਪਾਰਟੀ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੀ ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਵਧਦਾ ਜਾ ਰਿਹਾ ਹੈ। ਬ੍ਰਿਟੇਨ ਵਿਚ ਵੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

Leave a comment