#AMERICA

ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ 2 ਲੋਕਾਂ ਦੇ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ

ਨਿਊਜਰਸੀ, 31 ਅਗਸਤ (ਪੰਜਾਬ ਮੇਲ)- ਨਿਊਜਰਸੀ ‘ਚ ਇਕ ਭਾਰਤੀ-ਅਮਰੀਕੀ ਦੇ ਪੁਲਿਸ ਅਧਿਕਾਰੀ (ਜੋ ਆਫ ਡਿਊਟੀ ਸੀ) ਵੱਲੋਂ ਸ਼ਰਾਬ ਦੇ ਨਸ਼ੇ ਵਿਚ ਉਸ ਕੋਲੋਂ ਵਾਪਰੇ ਹਾਦਸੇ ਵਿਚ ਉਸ ਦੀ ਹੀ ਕਾਰ ਵਿਚ ਸਵਾਰ 2 ਹੋਰ ਯਾਤਰੀਆਂ ਦੀ ਮੌਤ ਹੋ ਜਾਣ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤੀ ਮੂਲ ਦੇ ਪੁਲਸ ਅਧਿਕਾਰੀ ਦਾ ਨਾਂ ਅਮਿਤੋਜ ਓਬਰਾਏ ਹੈ, ਜੋ ਐਡੀਸਨ ਨਿਊਜਰਸੀ ਵਿਖੇ ਪੁਲਿਸ ਅਧਿਕਾਰੀ ਹੈ। 29 ਸਾਲਾ ਅਮਿਤੋਜ ‘ਤੇ ਕਤਲ ਦੇ ਦੋਸ਼ ਲੱਗੇ ਹਨ।
ਇਹ ਹਾਦਸਾ 27 ਅਗਸਤ ਨੂੰ ਵਾਪਰਿਆ ਸੀ। ਉਸ ਸਮੇਂ ਉਹ ਆਫ ਡਿਊਟੀ ਸੀ। ਸਥਾਨਕ ਪੁਲਿਸ ਨੇ ਅਮਿਤੋਜ ‘ਤੇ ਸ਼ਰਾਬ ਦੇ ਨਸ਼ੇ ਵਿਚ ਵਾਪਰੇ ਹਾਦਸੇ ਵਿਚ ਉਸ ਦੀ ਹੀ ਕਾਰ ਵਿਚ ਸਵਾਰ 2 ਲੋਕਾਂ ਦੇ ਕਤਲ ਦੇ ਮਾਮਲੇ ‘ਚ ਪਹਿਲੀ-ਡਿਗਰੀ ਦੇ ਦੋਸ਼ ਲਗਾਏ ਹਨ। ਸਮਰਸੈਟ ਕਾਊਂਟੀ ਦੇ ਵਕੀਲ ਨੇ ਕਿਹਾ ਕਿ ਹਾਦਸੇ ਦੌਰਾਨ ਅਮਿਤੋਜ ਨਸ਼ੇ ਦੀ ਹਾਲਤ ਵਿਚ ਸੀ। ਉਸ ਦੀ ਗੱਡੀ ਵਿਚ 3 ਸਵਾਰੀਆਂ ਸਵਾਰ ਸਨ, ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਅਮਿਤੋਜ ਨੂੰ ਸੱਟਾਂ ਲੱਗੀਆਂ ਹਨ।
ਪੁਲਿਸ ਅਧਿਕਾਰੀਆਂ ਨੇ ਜਾਂਚ ਦੌਰਾਨ ਪਾਇਆ ਕਿ ਅਮਿਤੋਜ ਸਮਰਸੈੱਟ ਸਟਰੀਟ ‘ਤੇ ਦੱਖਣ ਵੱਲ 2007 ਮਾਡਲ ਔਡੀ ਕਾਰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਇਸ ਦੌਰਾਨ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ ਤੇ ਕਾਰ ਦਰੱਖਤਾਂ, ਲੈਂਪ ਪੋਸਟਾਂ ਅਤੇ ਇਕ ਖੰਭੇ ਦੇ ਨਾਲ ਟਕਰਾ ਕੇ ਪਲਟ ਗਈ ਸੀ। ਪੁਲਿਸ ਦੀ ਜਾਂਚ ਅਨੁਸਾਰ ਅਮਿਤੋਜ ਨੇ ਹਾਦਸੇ ਦੇ ਸਮੇਂ ਕਾਨੂੰਨੀ ਬਲੱਡ ਅਲਕੌਹਲ ਕੰਸੈਂਟਰੇਸ਼ਨ ਦੀ ਸੀਮਾ ਤੋਂ ਵੱਧ ਅਲਕੌਹਲ (ਸ਼ਰਾਬ) ਪੀਤੀ ਹੋਈ ਸੀ।
ਅਮਿਤੋਜ ‘ਤੇ ਲੱਗੇ ਦੋਸ਼ਾਂ ਦੀ ਖ਼ਬਰ ਤੋਂ ਬਾਅਦ ਐਡੀਸਨ ਦੇ ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਪੁਲਿਸ ਅਧਿਕਾਰੀ ਨੂੰ ਵਿਭਾਗ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਜੋਸ਼ੀ ਨੇ ਕਿਹਾ ਕਿ ਭਾਵੇਂ ਅਮਿਤੋਜ ਕਾਰ ਹਾਦਸੇ ਸਮੇਂ ਆਫ ਡਿਊਟੀ ‘ਤੇ ਸੀ ਪਰ ਉਸ ਖਿਲਾਫ ਦੋਸ਼ਾਂ ਦੀ ਗੰਭੀਰ ਕਿਸਮ ਨੂੰ ਦੇਖਦੇ ਹੋਏ ਮੈਂ ਉਸ ਨੂੰ ਐਡੀਸਨ ਪੁਲਿਸ ਵਿਭਾਗ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹਾਂ।

Leave a comment