#AMERICA

ਭਾਰਤੀ-ਅਮਰੀਕੀ ਨੀਲੀ ਬੇਂਦਾਪੁਡੀ ਨੂੰ ਦਿੱਤਾ ਜਾਵੇਗਾ ‘ਇਮੀਗ੍ਰੈਂਟ ਅਚੀਵਮੈਂਟ ਐਵਾਰਡ’

ਵਾਸ਼ਿੰਗਟਨ, 27 ਅਪ੍ਰੈਲ (ਪੰਜਾਬ ਮੇਲ)-ਪੇਨ ਸਟੇਟ ਯੂਨੀਵਰਸਿਟੀ ਦੀ ਭਾਰਤੀ-ਅਮਰੀਕੀ ਪ੍ਰਧਾਨ ਨੀਲੀ ਬੇਂਦਾਪੁਡੀ ਨੂੰ ਅਮਰੀਕਾ ਵਿਚ ਉੱਚ ਸਿੱਖਿਆ ਵਿਚ ਉਨ੍ਹਾਂ ਦੇ ਯੋਗਦਾਨ ਲਈ ਇਸ ਸਾਲ ਦਾ ਵੱਕਾਰੀ ‘ਇਮੀਗ੍ਰੈਂਟ ਅਚੀਵਮੈਂਟ ਐਵਾਰਡ’ ਦਿੱਤਾ ਜਾਵੇਗਾ। ਇਹ ਪੁਰਸਕਾਰ ਹਰ ਸਾਲ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਉਨ੍ਹਾਂ ਦੀ ਅਮਰੀਕੀ ਵਿਰਾਸਤ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਲਈ ਦਿੱਤਾ ਜਾਂਦਾ ਹੈ। ਇਕ ਬਿਆਨ ਅਨੁਸਾਰ ਬੇਂਦਾਪੁਡੀ (59) ਨੂੰ 28 ਅਪ੍ਰੈਲ ਨੂੰ ਡੀਸੀ ਇਮੀਗ੍ਰੈਂਟ ਅਚੀਵਮੈਂਟ ਐਵਾਰਡ ਸਮਾਰੋਹ ਵਿਚ ਪੁਰਸਕਾਰ ਦਿੱਤਾ ਜਾਵੇਗਾ।
ਅਮਰੀਕਨ ਮਾਈਗ੍ਰੇਸ਼ਨ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਜੇਰੇਮੀ ਰੌਬਿਨਸ ਨੇ ਕਿਹਾ, ”ਲਗਭਗ 30 ਸਾਲਾਂ ਤੋਂ ਪੈੱਨ ਸਟੇਟ ਯੂਨੀਵਰਸਿਟੀ ਦੇ ਪ੍ਰਧਾਨ ਡਾ. ਬੇਂਦਾਪੁਡੀ ਵਿਦਿਆਰਥੀਆਂ ਦੀ ਸਫਲਤਾ, ਉੱਚ ਸਿੱਖਿਆ ਵਿਚ ਸੰਮਿਲਿਤ ਉੱਤਮਤਾ ਅਤੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਲਈ ਮੌਕੇ ਪੈਦਾ ਕਰਨ ਲਈ ਕੰਮ ਕਰ ਰਹੇ ਹਨ।”
ਭਾਰਤ ਵਿਚ ਜੰਮੀ ਬੇਂਦਾਪੁਡੀ ਕੰਸਾਸ ਯੂਨੀਵਰਸਿਟੀ ਵਿਚ ਡਾਕਟਰੇਟ ਕਰਨ ਲਈ ਅਮਰੀਕਾ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵਿਚ ਹੀ ਵਿੱਦਿਅਕ ਅਤੇ ਅਧਿਆਪਨ ਵਿਚ ਆਪਣਾ ਕਰੀਅਰ ਬਣਾਇਆ। ਉਹ ਪੇਨ ਸਟੇਟ ਯੂਨੀਵਰਸਿਟੀ ਦੀ ਪ੍ਰਧਾਨ ਵਜੋਂ ਸੇਵਾ ਕਰਨ ਵਾਲੀ ਪਹਿਲੀ ਗੈਰ ਗੋਰੀ ਔਰਤ ਅਤੇ ਵਿਅਕਤੀ ਹੈ। ਬੇਂਦਾਪੁਡੀ ਨੇ ਕਿਹਾ ਕਿ ਉਹ ਇਸ ਸਾਲ ‘ਇਮੀਗ੍ਰੈਂਟ ਅਚੀਵਮੈਂਟ ਐਵਾਰਡ’ ਪ੍ਰਾਪਤ ਕਰਨ ਬਾਰੇ ਸੁਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ।

Leave a comment