#AMERICA

ਭਾਰਤੀ-ਅਮਰੀਕੀ ਡਾ. ਦੀਪ ਸਿੰਘ ਵ੍ਹਾਈਟ ਹਾਊਸ ਵੱਲੋਂ ਸਨਮਾਨਿਤ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)-ਅਮਰੀਕਾ ਵੱਸਦੀ ਸਿੱਖ ਕੌਮ ‘ਚ ਬਹੁਤ ਸਾਰੀ ਸਿੱਖ ਸ਼ਖ਼ਸੀਅਤਾਂ ਆਪਣੀਆਂ ਪ੍ਰਾਪਤੀਆਂ ਰਾਹੀਂ ਸਿੱਖ ਕੌਮ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਅਮਰੀਕਾ ਦੇ ਨਿਊਯਾਰਕ ‘ਚ ਵੱਸਦੇ ਡਾ. ਦੀਪ ਸਿੰਘ ਨੇ ਵੀ ਸਿੱਖ ਕੌਮ ਦਾ ਸਿਰ ਮਾਣ ਦੇ ਨਾਲ ਹੋਰ ਵੀ ਉੱਚਾ ਕੀਤਾ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੀਪ ਸਿੰਘ ਵੱਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਵ੍ਹਾਈਟ ਹਾਊਸ ਵਲੋਂ ਵੱਕਾਰੀ ਅਵਾਰਡ ”ਪ੍ਰੈਜ਼ੀਡੈਨੀਸ਼ੀਅਲ ਲਾਈਫ ਟਾਈਮ ਅਚੀਵਮੈਂਟ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਡਾ. ਦੀਪ ਸਿੰਘ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਜੰਮਪਲ ਹਨ ਅਤੇ ਆਪਣੀ ਉਚੇਰੀ ਸਿੱਖਿਆ ਉਨ੍ਹਾਂ ਪੰਜਾਬ ਅਤੇ ਜੰਮੂ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਡਾ. ਸਿੰਘ ਅੱਜਕੱਲ੍ਹ ਈ.ਐੱਚ.ਐੱਸ. ਪੇਸ਼ੇਵਰ ਵਜੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸੇਵਾਵਾਂ ਦੇ ਰਹੇ ਹਨ। ਡਾ. ਦੀਪ ਸਿੰਘ ਸਿੱਖ ਧਰਮ ਦੇ ਫਲਸਫੇ ਤੋਂ ਪ੍ਰੇਰਿਤ ਹੋ ਕੇ ਲੰਮੇ ਸਮੇਂ ਤੋਂ ਬਲੱਡ ਅਤੇ ਫੂਡ ਡਰਾਈਵਾਂ ਵਿਚ ਯੋਗਦਾਨ ਦਿੰਦੇ ਆ ਰਹੇ ਹਨ। ਇਸ ਤੋਂ ਇਲਾਵਾ ਕਈ ਦਹਾਕਿਆਂ ਤੋਂ ਉਹ ਦੇਸੀ ਖੇਡਾਂ ਦੇ ਪ੍ਰਮੋਟਰ ਵਜੋਂ ਅਤੇ ਦੇਸੀ ਖੇਡਾਂ ਦੇ ਵਿਸਤਾਰ ਲਈ ਵੀ ਲਗਾਤਾਰ ਕਾਰਜ ਕਰ ਰਹੇ ਹਨ ਅਤੇ ਯੁਨਾਈਟਿਡ ਨੇਸ਼ਨਜ ਅਧੀਨ ਟੀ.ਐੱਸ.ਜੀ. ਪ੍ਰੋਗਰਾਮ ਦੇ ਨਾਲ ਵੀ ਉਹ ਜੁੜੇ ਹੋਏ ਹਨ।

Leave a comment