ਨਿਊਯਾਰਕ, 28 ਅਗਸਤ (ਰਾਜ ਗੋਗਨਾ/ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸੂਬੇ ਅਲਬਾਮਾ ਦੇ ਸ਼ਹਿਰ ਟਸਕਾਲੋਸਾ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ‘ਚ ਭਾਰਤੀ ਮੂਲ ਦੇ ਨਾਮੀ ਡਾਕਟਰ ਪੇਰਮਸੈਟੀ ਰਮੇਸ਼ ਬਾਬੂ (64) ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਇਹ ਘਟਨਾ ਬੀਤੀ ਸ਼ਾਮ ਅਮਰੀਕਾ ਦੇ ਸ਼ਹਿਰ ਟਸਕਾਲੂਸਾ ‘ਚ ਵਾਪਰੀ, ਜਦੋਂ ਉਹ ਆਪਣੇ ਘਰ ਨੇੜੇ ਇਕ ਕਾਰ ਸ਼ੈੱਡ ਕੋਲ ਖੜ੍ਹਾ ਸੀ।
ਡਾਕਟਰੀ ਭਾਈਚਾਰੇ ਵਿਚ ਜਾਣੇ-ਪਛਾਣੇ ਡਾ. ਬਾਬੂ ਨੂੰ ਗੋਲੀਆਂ ਵੱਜਣ ਉਪਰੰਤ ਘਟਨਾ ਸਥਾਨ ‘ਤੇ ਪੁੱਜੇ ਪੁਲਿਸ ਅਫਸਰ ਤੇ ਡਾਕਟਰੀ ਅਮਲੇ ਵੱਲੋਂ ਉਨ੍ਹਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਸਬੰਧੀ ਹੋਰ ਵੇਰਵਾ ਜਾਂਚ ਉਪਰੰਤ ਹੀ ਜਾਰੀ ਕੀਤਾ ਜਾਵੇਗਾ।
ਡਾ. ਬਾਬੂ ਕ੍ਰਿਮਸਨ ਕੇਅਰ ਨੈੱਟਵਰਕ ਦੇ ਸੰਸਥਾਪਕ ਤੇ ਮੈਡੀਕਲ ਡਾਇਰੈਕਟਰ ਸਨ, ਜਿਸ ਨੈੱਟਵਰਕ ਤਹਿਤ ਅਨੇਕਾਂ ਸਥਾਨਕ ਕਲੀਨਿਕਾਂ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਆਪਣੀਆਂ ਵਿਆਪਕ ਸੇਵਾਵਾਂ ਲਈ ਅਮਰੀਕਾ ‘ਚ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ। ਇਹ ਭਾਰਤੀ ਨਾਮਵਰ ਡਾਕਟਰ ਸਿਹਤ ਦੇ ਖੇਤਰ ਵਿਚ ਪਿਛਲੇ 38 ਸਾਲ ਤੋਂ ਸੀ ਅਤੇ ਉਸ ਦੀ ਪ੍ਰਸਿੱਧੀ ਅਤੇ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਅਲਬਾਮਾ ਰਾਜ ਦੇ ਸ਼ਹਿਰ ਟਸਕਾਲੋਸਾ ਵਿਚ ਇੱਕ ਗਲੀ ਦਾ ਨਾਮ ਉਸ ਦੇ ਨਾਮ ‘ਤੇ ਰੱਖਿਆ ਗਿਆ ਸੀ।
ਡਾ. ਪੇਰਮਸੈਟੀ ਰਮੇਸ਼ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਨਾਇਡੂਪੇਟ ਮੰਡਲ ਦੇ ਪਿੰਡ ਮੇਨਾਕੁਰੂ ਦੇ ਰਹਿਣ ਵਾਲਾ ਸੀ ਅਤੇ ਇਥੋਂ ਹੀ ਹਾਈ ਸਕੂਲ ਵਿਚ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਅਤੇ ਤਿਰੂਪਤੀ ਐੱਸ.ਵੀ. ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਪੂਰੀ ਕੀਤੀ। ਬਾਅਦ ਵਿਚ ਉਹ ਅਮਰੀਕਾ ਚਲਾ ਗਿਆ ਅਤੇ ਨਿਊਯਾਰਕ ਦੇ ਜਮਾਇਕਾ ਵਿਚ ਆਪਣੀ ਪੀ.ਜੀ. ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਡਾਕਟਰ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਅਮਰੀਕਾ ਵਿਚ ਚੰਗਾ ਨਾਮ ਕਮਾਇਆ। ਉਸ ਦੀ ਪਤਨੀ ਸ਼੍ਰੀਲਤਾ ਉੱਥੇ ਇੱਕ ਡਾਕਟਰ ਵਜੋਂ ਉਸ ਨਾਲ ਕੰਮ ਕਰ ਰਹੀ ਸੀ। ਇਸ ਜੋੜੇ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਰਮੇਸ਼ ਬਾਬੂ ਦੀ ਮੌਤ ਦੀ ਖ਼ਬਰ ਦੇ ਨਾਲ ਅਮਰੀਕਾ ਅਤੇ ਉਨ੍ਹਾਂ ਦੇ ਪਿੰਡ ਵਿਚ ਗਹਿਰਾ ਸੋਗ ਛਾ ਗਿਆ।
ਟਸਕਾਲੋਸਾ ਸਿਟੀ ਕੌਂਸਲ ਦੇ ਪ੍ਰਧਾਨ ਕਿਪ ਟਾਇਨਰ ਨੇ ਡਾਕਟਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਇਕ ਬਹੁਤ ਪਿਆਰੇ ਤੇ ਨਜ਼ਦੀਕੀ ਮਿੱਤਰ ਸਨ ਤੇ ਉਹ ਪੂਰੀ ਤਰ੍ਹਾਂ ਅਮਰੀਕੀ ਲੋਕਾਂ ਨੂੰ ਸਮਰਪਿਤ ਸਨ। ਡਾਕਟਰ ਪੇਰਮਸੈਟੀ ਤੇਲਗੂ ਦੇਸਮ ਪਾਰਟੀ ਦੇ ਆਗੂ ਪੇਰਮਸੈਟੀ ਰਮਈਆਹ ਦੇ ਭਰਾ ਸਨ।