ਨਿਊਯਾਰਕ, 20 ਜੁਲਾਈ (ਪੰਜਾਬ ਮੇਲ)-ਭਾਰਤੀ ਮੂਲ ਦੀ ਉੱਦਮੀ ਅੰਜਲੀ ਸੂਦ ‘ਟੂਬੀ’ ਦੀ ਨਵੀਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹੋਵੇਗੀ। ਉਹ ਇਸ ਅਹੁਦੇ ‘ਤੇ ਕੰਪਨੀ ਦੇ ਸੰਸਥਾਪਕ ਅਤੇ ਮੌਜੂਦਾ ਸੀ. ਈ. ਓ. ਫਰਹਾਦ ਮਸੂਦੀ ਦੀ ਜਗ੍ਹਾ ਲਵੇਗੀ। ਟੂਬੀ ‘ਫਾਕਸ ਕਾਰਪੋਰੇਸ਼ਨ’ ਦੀ ਸਟ੍ਰੀਮਿੰਗ ਟੈਲੀਵਿਜ਼ਨ ਸੇਵਾ ਹੈ, ਜਿਸ ‘ਤੇ ਉਪਲੱਬਧ ਸਮੱਗਰੀ ਨੂੰ ਲੋਕ ਮੁਫ਼ਤ ਦੇਖ ਸਕਦੇ ਹਨ ਪਰ ਇਸ ‘ਤੇ ਵਿਗਿਆਪਨ ਆਉਂਦੇ ਹਨ। ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸੂਦ 1 ਸਤੰਬਰ ਨੂੰ ਅਹੁਦਾ ਸੰਭਾਲੇਗੀ।
‘ਟੂਬੀ ਮੀਡੀਆ ਗਰੁੱਪ’ ਦੇ ਸੀ.ਈ.ਓ. ਪੌਲ ਚੀਸਬਰੋ ਨੇ ਕਿਹਾ ਕਿ ਅੰਜਲੀ ਟੈਕਨਾਲੋਜੀ ਅਤੇ ਮੀਡੀਆ ਉਦਯੋਗ ਦੀ ਇਕ ਬੇਹੱਦ ਨਿਪੁੰਨ ਮੈਂਬਰ ਹੈ। ਉਨ੍ਹਾਂ ਕਿਹਾ ਕਿ ਉਹ ਕੰਮ ਪ੍ਰਤੀ ਬੇਹੱਦ ਜਨੂੰਨੀ ਹੈ ਅਤੇ ਉਨ੍ਹਾਂ ਦਾ ਕੁਸ਼ਲ ਲੀਡਰਸ਼ਿਪ ਦਾ ਰਿਕਾਰਡ ਰਿਹਾ ਹੈ। ਉਥੇ ਹੀ, ਸੂਦ ਨੇ ਆਪਣੀ ਨਿਯੁਕਤੀ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਕਿ ਮੈਂ ਦਰਸ਼ਕਾਂ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹਿਤ ਹਾਂ…ਟੂਬੀ ਟੀਮ ਵਿਚ ਮੈਂ ਤੁਹਾਡੇ ਨਾਲ ਜੁੜਨ ਅਤੇ ਮਨੋਰੰਜਨ ਦੀ ਦੁਨੀਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਉਤਸ਼ਾਹਿਤ ਹਾਂ।