#AMERICA

ਭਾਰਤੀਆਂ ਅਤੇ ਭਾਰਤੀ ਅਮਰੀਕੀ ਵਿਦਿਆਰਥੀਆਂ ‘ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਮਿਹਨਤ ਕਰ ਰਿਹਾ ਪ੍ਰਸ਼ਾਸਨ : ਬਾਈਡੇਨ

ਵਾਸ਼ਿੰਗਟਨ, 16 ਫ਼ਰਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਭਾਰਤੀਆਂ ਅਤੇ ਭਾਰਤੀ ਅਮਰੀਕੀ ਵਿਦਿਆਰਥੀਆਂ ‘ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ‘ਚ ਰਾਸ਼ਟਰੀ ਸੁਰੱਖਿਆ ਪਰਿਸ਼ਦ ‘ਚ ਰਣਨੀਤਕ ਸੰਚਾਰ ਦੇ ਕੋਆਰਡੀਨੇਟਰ ਜੌਨ ਕਿਰਬੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭਾਰਤੀਆਂ ਅਤੇ ਭਾਰਤੀ ਅਮਰੀਕੀ ਵਿਦਿਆਰਥੀਆਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਦੌਰਾਨ ਇਹ ਗੱਲ ਕਹੀ।

ਭਾਰਤੀ ਵਿਦਿਆਰਥੀਆਂ ਅਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਮੈਂਬਰਾਂ ‘ਤੇ ਹੋਏ ਲੜੀਵਾਰ ਹਮਲਿਆਂ ਬਾਰੇ ਪੁੱਛੇ ਜਾਣ ‘ਤੇ ਕਿਰਬੀ ਨੇ ਪੱਤਰਕਾਰਾਂ ਨੂੰ ਕਿਹਾ, “ਜਾਤੀ, ਲਿੰਗ ਆਧਾਰ, ਧਰਮ ਜਾਂ ਫਿਰ ਕਿਸੇ ਵੀ ਕਾਰਨ ਹਿੰਸਾ ਲਈ ਕੋਈ ਬਹਾਨਾ ਨਹੀਂ ਹੈ। ਇਸ ਨੂੰ ਅਮਰੀਕਾ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ।” ਕਿਰਬੀ ਨੇ ਕਿਹਾ, ”ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਬਹੁਤ ਸਖਤ ਮਿਹਨਤ ਕਰ ਰਿਹਾ ਹੈ। ਅਜਿਹੇ ਹਮਲਿਆਂ ਨੂੰ ਰੋਕਣ ਲਈ ਰਾਜ ਅਤੇ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ…।” ਪਿਛਲੇ ਇੱਕ ਮਹੀਨੇ ਵਿੱਚ 4 ਭਾਰਤੀ ਵਿਦਿਆਰਥੀਆਂ ਅਤੇ 3 ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਹੋਰ ਭਾਰਤੀ ਵਿਦਿਆਰਥੀ ‘ਤੇ ਹਮਲਾ ਵੀ ਹੋਇਆ ਸੀ।