ਲੁਧਿਆਣਾ, 2 ਜੁਲਾਈ (ਪੰਜਾਬ ਮੇਲ)- ਪੰਜਾਬ ਵਿਚ ਭਾਜਪਾ ਨੇ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦਿੱਤੀ ਹੈ ਤੇ ਜ਼ਿਲ੍ਹਾ ਵਾਰ ਰੈਲੀਆਂ, ਮੀਟਿੰਗਾਂ, ਨੁੱਕੜ ਮੀਟਿੰਗਾਂ ਦਾ ਬਾਜ਼ਾਰ ਦਿਨੋ-ਦਿਨ ਗਰਮ ਹੁੰਦਾ ਜਾ ਰਿਹਾ ਹੈ, ਉਸ ਨੂੰ ਲੈ ਕੇ ਭਾਜਪਾ ਨੇ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਹੁਣ ਜੇਕਰ ਭਵਿੱਖ ਵਿਚ ਤੁਹਾਡੇ ਨਾਲ ਗੱਠਜੋੜ ਹੋਇਆ ਤਾਂ ਉਹ 6 ਲੋਕ ਸਭਾ ਹਲਕਿਆਂ ਤੋਂ ਚੋਣ ਲੜੇਗੀ ਤੇ ਇਹ ਹਲਕੇ ਭਾਜਪਾ ਲਈ ਅਕਾਲੀ ਦਲ ਨੂੰ ਛੱਡਣੇ ਪੈਣਗੇ।
ਮਿਲੀ ਜਾਣਕਾਰੀ ਮੁਤਾਬਕ ਹਾਲ ਦੀ ਘੜੀ ਭਾਜਪਾ ਕੋਲ 3 ਹਲਕੇ ਹੁਸ਼ਿਆਰਪੁਰ (ਰਾਖਵਾਂ), ਗੁਰਦਾਸਪੁਰ ਤੇ ਅੰਮ੍ਰਿਤਸਰ ਹਨ ਜਾਂ ਭਾਜਪਾ ਨੇ ਨਵੇਂ ਤਿੰਨ ਹਲਕਿਆਂ ਵਿਚ ਤਿਆਰੀ ਵਿੱਢੀ ਹੈ, ਉਨ੍ਹਾਂ ਵਿਚ ਜਲੰਧਰ, ਲੁਧਿਆਣਾ, ਪਟਿਆਲਾ ਦੱਸੇ ਜਾ ਰਹੇ ਹਨ, ਜਿਸ ਸਬੰਧੀ ਚਰਚਾ ਹੈ ਕਿ ਭਾਜਪਾ ਨੇ ਅੰਦਰਖਾਤੇ ਅਕਾਲੀਆਂ ਨੂੰ ਇਸ਼ਾਰਾ ਕਰ ਦਿੱਤਾ ਹੈ, ਜਿਸ ਤਰ੍ਹਾਂ ਭਾਜਪਾ ਵਿਚ ਵੱਡੇ ਨੇਤਾਵਾਂ ਨੇ ਸ਼ਮੂਲੀਅਤ ਕੀਤੀ ਹੈ, ਉਸ ਕਾਰਨ 50 ਵਿਧਾਨ ਸਭਾ ਸੀਟਾਂ ’ਤੇ ਗੱਲ ਮੁਕਾ ਸਕਦੀ ਹੈ।
ਸੂਤਰਾਂ ਨੇ ਦੱਸਿਆ ਕਿ ਅਕਾਲੀ ਦਲ ਆਪਣੇ ਮੌਜੂਦਾ ਹਾਲਾਤ ਵੇਖ ਕੇ ਲੱਗਦਾ ਭਾਜਪਾ ਦੀ ਸ਼ਰਤ ਮੰਨ ਸਕਦਾ ਹੈ। ਬਾਕੀ ਬਸਪਾ ਨਾਲ ਗੱਠਜੋੜ ਦੇ ਚਲਦਿਆਂ ਇਕ ਸੀਟ ਰਾਖਵੀਂ ਫਤਿਹਗੜ੍ਹ ਸਾਹਿਬ ਜਾਂ ਫਰੀਦਕੋਟ ਛੱਡਣੀ ਪੈ ਸਕਦੀ ਹੈ। ਜਦੋਂਕਿ ਅਕਾਲੀ ਦਲ ਦੇ ਕਈ ਨੇਤਾਵਾਂ ਦਾ ਇਹ ਕਹਿਣਾ ਹੈ ਕਿ ਭਾਜਪਾ ਨਾਲ ਗੱਠਜੋੜ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਪੰਥਕ ਪੇਂਡੂ ਕਿਸਾਨੀ ਦਲਿਤ ਵੋਟ ਤੋਂ ਦੂਰ ਚਲਾ ਗਿਆ ਹੈ, ਇਸ ਲਈ ਗੱਠਜੋੜ ਤੋਂ ਪਹਿਲਾਂ ਲੱਖ ਵਾਰ ਸੋਚੇ।