#PUNJAB

ਭਾਜਪਾ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਖਿੱਚੀ ਤਿਆਰੀ!

ਜਲੰਧਰ, 28 ਅਗਸਤ (ਪੰਜਾਬ ਮੇਲ)- ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਇਸ ਤੋਂ ਪਹਿਲਾਂ ਕੁਝ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਇਕ ਵਾਰ ਫਿਰ ਤੋਂ ਯਾਤਰਾਵਾਂ ਦੀ ਤਿਆਰੀ ਕਰ ਲਈ ਹੈ। ਮੱਧ ਪ੍ਰਦੇਸ਼ ‘ਚ ਪਾਰਟੀ ਵੱਲੋਂ ਜਨ ਆਸ਼ੀਰਵਾਦ ਯਾਤਰਾ ਦੇ ਨਾਂ ‘ਤੇ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ 5 ਵੱਖ-ਵੱਖ ਯਾਤਰਾਵਾਂ ਕੀਤੀਆਂ ਜਾਣਗੀਆਂ, ਜੋ ਸਤੰਬਰ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ-ਚੰਬਲ, ਇੰਦੌਰ, ਜੱਬਲਪੁਰ, ਉਜੈਨ ਅਤੇ ਵਿੰਧਿਆ-ਬੁੰਦੇਲਖੰਡ 4 ਖੇਤਰਾਂ ਵਿਚ 5 ਵੱਖ-ਵੱਖ ਯਾਤਰਾਵਾਂ ਸ਼ੁਰੂ ਹੋਣਗੀਆਂ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸੂਬਾ ਪ੍ਰਧਾਨ ਵੀ. ਡੀ. ਸ਼ਰਮਾ ਅਤੇ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ, ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਪਟੇਲ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਇਨ੍ਹਾਂ ਯਾਤਰਾਵਾਂ ਵਿਚ ਸ਼ਾਮਲ ਹੋਣਗੇ। ਇਹ 5 ਯਾਤਰਾਵਾਂ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੀਆਂ ਅਤੇ 25 ਸਤੰਬਰ ਨੂੰ ਭੋਪਾਲ ਵਿਚ ਸਮਾਪਤ ਹੋਣਗੀਆਂ। ਪਾਰਟੀ ਨੇ 25 ਸਤੰਬਰ ਨੂੰ ਭੋਪਾਲ ‘ਚ ਵੱਡੀ ਰੈਲੀ ਕਰਨ ਦੀ ਯੋਜਨਾ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰੈਲੀ ਨੂੰ ਸੰਬੋਧਨ ਕਰਨ, ਇਸ ਦੀ ਵਿਉਂਤਬੰਦੀ ਪਾਰਟੀ ਨੇ ਕੀਤੀ ਹੈ।
ਇਸੇ ਤਰ੍ਹਾਂ ਰਾਜਸਥਾਨ ‘ਚ ਜਿਥੇ ਭਾਜਪਾ ਵਿਰੋਧੀ ਧਿਰ ‘ਚ ਹੈ, ਉਥੇ ਪਾਰਟੀ ਪਰਿਵਰਤਨ ਯਾਤਰਾ ਤਹਿਤ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਵੀ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਰਹੀ ਹੈ। ਰਾਜਸਥਾਨ ਵਿਚ ਪਾਰਟੀ ਚਾਰ ਵੱਖ-ਵੱਖ ਥਾਵਾਂ ਤੋਂ ਯਾਤਰਾਵਾਂ ਸ਼ੁਰੂ ਕਰੇਗੀ। ਪਾਰਟੀ ਇਨ੍ਹਾਂ ਯਾਤਰਾਵਾਂ ਦੀ ਸ਼ੁਰੂਆਤ ਸਵਾਈ ਮਾਧੋਪੁਰ, ਜੈਸਲਮੇਰ, ਹਨੂੰਮਾਨਗੜ੍ਹ ਅਤੇ ਡੂੰਗਰਪੁਰ ਤੋਂ ਕਰੇਗੀ। ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਆਪਣੀ ਪਹਿਲੀ ਯਾਤਰਾ 2 ਸਤੰਬਰ ਨੂੰ ਸਵਾਈ ਮਾਧੋਪੁਰ ਤੋਂ ਸ਼ੁਰੂ ਕਰਨਗੇ। ਇਸ ਸਮਾਗਮ ਦੌਰਾਨ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਵੀ ਮੌਜੂਦ ਰਹੇਗੀ।
ਦੂਜੀ ਯਾਤਰਾ 3 ਸਤੰਬਰ ਨੂੰ ਡੂੰਗਰਪੁਰ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਤੀਜੀ ਯਾਤਰਾ 4 ਸਤੰਬਰ ਨੂੰ ਜੈਸਲਮੇਰ ਤੋਂ ਸ਼ੁਰੂ ਹੋਵੇਗੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਚੌਥੀ ਯਾਤਰਾ 5 ਸਤੰਬਰ ਨੂੰ ਹਨੂੰਮਾਨਗੜ੍ਹ ਤੋਂ ਸ਼ੁਰੂ ਹੋਵੇਗੀ, ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਸਾਰੀਆਂ ਯਾਤਰਾਵਾਂ 25 ਸਤੰਬਰ ਨੂੰ ਜੈਪੁਰ ਵਿਚ ਸਮਾਪਤ ਹੋਣਗੀਆਂ। ਪਾਰਟੀ ਭੋਪਾਲ ਵਾਂਗ 25 ਸਤੰਬਰ ਨੂੰ ਜੈਪੁਰ ਵਿਚ ਇਕ ਵੱਡੀ ਰੈਲੀ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

Leave a comment