#PUNJAB

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

-ਹਰ ਵਰਗ ਨੂੰ ਮਿਲੀ ਢੁਕਵੀਂ ਨੁਮਾਇੰਦਗੀ; 21 ਕੋਰ ਕਮੇਟੀ ਮੈਂਬਰ, 12 ਉਪ ਪ੍ਰਧਾਨ, ਪੰਜ ਜਨਰਲ ਸਕੱਤਰ ਅਤੇ 12 ਸੂਬਾ ਸਕੱਤਰ ਐਲਾਨੇ

ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ)- ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਭਾਜਪਾ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੀ ਤਿਆਰੀ ਦਾ ਪਰਛਾਵਾਂ ਨਵੀਂ ਕਾਰਜਕਾਰਨੀ ਤੋਂ ਸਾਫ਼ ਦਿਖਾਈ ਦੇ ਰਿਹਾ ਹੈ। ਐਲਾਨੀ ਕਾਰਜਕਾਰਨੀ ਕਮੇਟੀ ਦੀ ਸੂਚੀ ਅਨੁਸਾਰ ਕੋਰ ਕਮੇਟੀ ਦੇ 21 ਮੈਂਬਰ ਐਲਾਨੇ ਗਏ ਹਨ, ਜਦੋਂਕਿ 12 ਉਪ ਪ੍ਰਧਾਨ ਅਤੇ ਪੰਜ ਜਨਰਲ ਸਕੱਤਰਾਂ ਤੋਂ ਇਲਾਵਾ 12 ਸੂਬਾ ਸਕੱਤਰ ਬਣਾਏ ਗਏ ਹਨ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦੀ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਸੂਚੀ ਜਾਰੀ ਕੀਤੀ ਹੈ।
ਨਵੀਂ ਸੂਚੀ ਵਿਚ ਜਿੱਥੇ ਭਾਜਪਾ ਦੇ ਟਕਸਾਲੀ ਆਗੂਆਂ ਨੂੰ ਪੂਰਨ ਨੁਮਾਇੰਦਗੀ ਮਿਲੀ ਹੈ, ਉੱਥੇ ਕਾਂਗਰਸ ‘ਚੋਂ ਆਏ ਆਗੂਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਭਾਜਪਾ ਦੀ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਦਰਸ਼ਨ ਸਿੰਘ ਨੈਣੇਵਾਲ ਨੂੰ ਕਿਸਾਨ ਮੋਰਚਾ ਦੀ ਡਿਊਟੀ ਦਿੱਤੀ ਗਈ ਹੈ। ਇਸ ਸੂਚੀ ਵਿਚ ਹਰ ਵਰਗ ਨੂੰ ਢੁੱਕਵੀਂ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਮਗਰੋਂ ਭਾਜਪਾ ਦੇ ਕੁਝ ਆਗੂ ਅੰਦਰੋਂ-ਅੰਦਰੀਂ ਔਖ ਵਿਚ ਸਨ।
ਪੰਜਾਬ ਭਾਜਪਾ ਦੀ ਕੋਰ ਕਮੇਟੀ ਵਿਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਸੋਮ ਪ੍ਰਕਾਸ਼, ਅਸ਼ਵਨੀ ਸ਼ਰਮਾ, ਵਿਜੈ ਸਾਂਪਲਾ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਚਰਨਜੀਤ ਸਿੰਘ ਅਟਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਅਮਨਜੋਤ ਕੌਰ ਰਾਮੂਵਾਲੀਆ, ਤੀਕਸ਼ਨ ਸੂਦ, ਮਨਪ੍ਰੀਤ ਬਾਦਲ, ਹਰਜੀਤ ਸਿੰਘ ਗਰੇਵਾਲ, ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਰਾਜ ਕੁਮਾਰ ਵੇਰਕਾ, ਦਿਨੇਸ਼ ਸਿੰਘ ਬੱਬੂ, ਜੀਵਨ ਗੁਪਤਾ, ਸਰਬਜੀਤ ਸਿੰਘ ਵਿਰਕ, ਅਵਿਨਾਸ਼ ਚੰਦਰ ਅਤੇ ਐੱਸ.ਪੀ.ਐੱਸ. ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਸੂਬਾ ਜਨਰਲ ਸਕੱਤਰਾਂ ਵਿਚ ਦਿਆਲ ਸਿੰਘ ਸੋਢੀ, ਰਾਕੇਸ਼ ਰਾਠੌਰ, ਅਨਿਲ ਸਰੀਨ, ਜਗਮੋਹਨ ਸਿੰਘ ਰਾਜੂ ਅਤੇ ਪਰਮਿੰਦਰ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ। ਪੰਜਾਬ ਭਾਜਪਾ ਵੱਲੋਂ ਸੁਰਜੀਤ ਕੁਮਾਰ ਜਿਆਨੀ, ਕੇ.ਡੀ. ਭੰਡਾਰੀ, ਸੁਭਾਸ਼ ਸ਼ਰਮਾ, ਰਾਜੇਸ਼ ਬੱਗਾ, ਅਰਵਿੰਦ ਖੰਨਾ, ਜਗਦੀਪ ਸਿੰਘ ਨਕਈ, ਬਲਬੀਰ ਸਿੰਘ ਸਿੱਧੂ, ਫਤਹਿਜੰਗ ਸਿੰਘ ਬਾਜਵਾ, ਬਿਕਰਮਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਾਂਗੜ, ਮੋਨਾ ਜੈਸਵਾਲ ਅਤੇ ਜੈਸਮੀਨ ਸੰਧਾਵਾਲੀਆ ਨੂੰ ਉੱਪ ਪ੍ਰਧਾਨ ਬਣਾਇਆ ਗਿਆ ਹੈ। ਡਾ. ਹਰਜੀਤ ਕਮਲ, ਸ਼ਿਵਰਾਜ ਚੌਧਰੀ, ਸੰਜੀਵ ਖੰਨਾ, ਦਾਮਨ ਥਿੰਦ ਬਾਜਵਾ, ਰੇਣੂ ਕਸ਼ਯਪ, ਰੇਣੂ ਥਾਪਰ, ਭਾਨੂ ਪ੍ਰਤਾਪ ਸਿੰਘ, ਮੀਨੂ ਸੇਠੀ, ਕਰਨਵੀਰ ਸਿੰਘ ਟੌਹੜਾ, ਦੁਰਗੇਸ਼ ਸ਼ਰਮਾ, ਵੰਦਨਾ ਸਾਗਵਾਨ ਅਤੇ ਰਾਕੇਸ਼ ਸ਼ਰਮਾ ਨੂੰ ਸੂਬਾ ਸਕੱਤਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਗੁਰਦੇਵ ਸਿੰਘ ਦੇਬੀ ਨੂੰ ਖ਼ਜ਼ਾਨਚੀ, ਸੁਖਵਿੰਦਰ ਸਿੰਘ ਗੋਲਡੀ ਨੂੰ ਸੰਯੁਕਤ ਖ਼ਜ਼ਾਨਚੀ, ਸੁਨੀਲ ਦੱਤ ਭਾਰਦਵਾਜ ਨੂੰ ਦਫ਼ਤਰ ਸਕੱਤਰ ਅਤੇ ਸੁੱਚਾ ਰਾਮ ਲੱਧੜ ਨੂੰ ਐੱਸ.ਸੀ. ਮੋਰਚਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਥੌਮਸ ਮਸੀਹ ਨੂੰ ਘੱਟ ਗਿਣਤੀ ਮੋਰਚਾ ਦੀ, ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਓ.ਬੀ.ਸੀ. ਮੋਰਚਾ, ਸੁਖਵੰਤ ਰਾਏ ਗਿੱਗਾ ਨੂੰ ਪ੍ਰੋਟੋਕਾਲ ਸਕੱਤਰ, ਹਰਦੇਵ ਸਿੰਘ ਉੱਭਾ ਨੂੰ ਪ੍ਰੈੱਸ ਸਕੱਤਰ ਅਤੇ ਕਰਨਲ ਜੈਬੰਸ ਸਿੰਘ ਨੂੰ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਬੀਬਾ ਜੈਇੰਦਰ ਕੌਰ ਪਟਿਆਲਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ
ਪਟਿਆਲਾ (ਪੰਜਾਬ ਮੇਲ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਧੀ ਬੀਬਾ ਜੈਇੰਦਰ ਕੌਰ ਸਿੱਧੇ ਤੌਰ ‘ਤੇ ਰਾਜਨੀਤੀ ਖੇਤਰ ‘ਚ ਡੇਢ ਕੁ ਸਾਲ ਤੋਂ ਹੀ ਸਰਗਰਮ ਹੋਏ ਹਨ। ਅਸਲ ‘ਚ ਸ਼ਾਹੀ ਪਰਿਵਾਰ ਦੇ ਫਰਜ਼ੰਦ ਰਣਇੰਦਰ ਸਿੰਘ ਟਿੱਕੂ ਦੀ ਰਾਜਨੀਤੀ ‘ਚ ਬਹੁਤੀ ਦਿਲਚਸਪੀ ਨਹੀਂ ਹੈ, ਜਿਸ ਕਰਕੇ ਪਰਿਵਾਰ ਹੁਣ ਬੀਬਾ ਜੈਇੰਦਰ ਕੌਰ ਨੂੰ ਰਾਜਨੀਤਕ ਖੇਤਰ ‘ਚ ਕਾਮਯਾਬ ਕਰਨਾ ਲੋਚਦਾ ਹੈ, ਜਿਸ ਵਾਸਤੇ ਐਤਕੀਂ ਉਨ੍ਹਾਂ ਨੂੰ ਪਟਿਆਲਾ ਤੋਂ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜਾਏ ਜਾਣ ਦੀ ਤਿਆਰੀ ਹੈ। ਇਸੇ ਦੌਰਾਨ ਬੀਬਾ ਜੈਇੰਦਰ ਕੌਰ ਨੇ ਇਸ ਨਿਯੁਕਤੀ ਲਈ ਭਾਜਪਾ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ। ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਆਗੂ ਰਾਵਿੰਦਰ ਗਿੰਨੀ ਤੇ ਜਸਪਾਲ ਗਗਰੌਲਾ, ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ, ਹਰਮੇਸ਼ ਗੋਇਲ, ਜ਼ਿਲ੍ਹਾ ਜਨਰਲ ਸਕੱਤਰ ਡਾ. ਹਰਦੀਪ ਸਨੌਰ ਸਮੇਤ ਹੋਰਨਾਂ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ।

Leave a comment