#PUNJAB

ਭਾਜਪਾ ਤੇ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਵਾਪਸੀ ਕਰਨ ਵਾਲੇ ਆਗੂਆਂ ਦੀ ਜੁਆਇਨਿੰਗ 20 ਨੂੰ

-ਵਾਪਸੀ ਕਰਨ ਵਾਲੇ ਆਗੂਆਂ ਦੇ ਵਿਰੋਧ ‘ਚ ਵੀ ਉੱਠੇ ਸੁਰ
ਚੰਡੀਗੜ੍ਹ, 18 ਅਕਤੂਬਰ (ਪੰਜਾਬ ਮੇਲ)- ਭਾਜਪਾ ਤੇ ਅਕਾਲੀ ਦਲ ਛੱਡ ਕੇ ਘਰ ਵਾਪਸੀ ਕਰ ਰਹੇ ਆਗੂਆਂ ਦੀ ਜੁਆਇਨਿੰਗ ਦਾ ਰਾਹ ਪੱਧਰਾ ਹੋ ਗਿਆ ਹੈ। ਘਰ ਵਾਪਸੀ ਕਰਨ ਵਾਲੇ ਆਗੂਆਂ ਦੀ ਜੁਆਇਨਿੰਗ ‘ਤੇ ਪਾਰਟੀ ਦੀ ਮੋਹਰ ਲਗਵਾਉਣ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗਲਵਾਰ ਨੂੰ ਸੀਨੀਅਰ ਆਗੂਆਂ ਦੀ ਬੈਠਕ ਬੁਲਾਈ ਸੀ। ਇਸ ਬੈਠਕ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ। ਜਾਣਕਾਰੀ ਮੁਤਾਬਕ ਪਾਰਟੀ ‘ਚ ਵਾਪਸੀ ਕਰਨ ਵਾਲੇ ਆਗੂਆਂ ਦਾ ਵਿਰੋਧ ਵੀ ਹੋਇਆ। ਸਭ ਤੋਂ ਜ਼ਿਆਦਾ ਵਿਰੋਧ ਜੀਤ ਮਹਿੰਦਰ ਸਿੱਧੂ ਦਾ ਹੋਇਆ। ਕਿਉਂਕਿ ਸਿੱਧੂ ਕਾਂਗਰਸ ਦੇ ਵਿਧਾਇਕ ਹੁੰਦੇ ਹੋਏ ਪਾਰਟੀ ਛੱਡ ਕੇ ਅਕਾਲੀ ਦਲ ‘ਚ ਗਏ ਸਨ। ਸੀਨੀਅਰ ਆਗੂਆਂ ਨੇ ਬੈਠਕ ‘ਚ ਇਕ ਸੂਬੇ ਦੀ ਸਕ੍ਰੀਨਿੰਗ ਕਮੇਟੀ ਬਣਾਉਣ ਦੀ ਵੀ ਮੰਗ ਰੱਖੀ। ਤਾਂਕਿ ਪਾਰਟੀ ‘ਚ ਆਉਣ ਵਾਲੇ ਆਗੂਆਂ ਦੀ ਸਕ੍ਰੀਨਿੰਗ ਕੀਤੀ ਜਾ ਸਕੇ ਤੇ ਜਿੱਥੇ ਪਾਰਟੀ ਨੂੰ ਲੋੜ ਹੈ, ਉਸਦੇ ਮੁਤਾਬਕ ਹੀ ਆਗੂਆਂ ਨੂੰ ਸ਼ਾਮਲ ਕਰਵਾਇਆ ਜਾਵੇ। ਪਾਰਟੀ ਦਫ਼ਤਰ ‘ਚ ਹੋਈ ਬੈਠਕ ‘ਚ ਇਹ ਵੀ ਮੁੱਦਾ ਉੱਠਿਆ ਕਿ ਜੋ ਨੇਤਾ ਪਾਰਟੀ ਛੱਡ ਕੇ ਭਾਜਪਾ ਜਾਂ ਅਕਾਲੀ ਦਲ ‘ਚ ਚਲੇ ਗਏ ਸਨ, ਉਨ੍ਹਾਂ ਦੀ ਵਾਪਸੀ ਨਾਲ ਬੇਸ਼ੱਕ ਹੀ ਅੱਜ ਦੇ ਦਿਨ ਕਾਂਗਰਸ ਨੂੰ ਫ਼ਾਇਦਾ ਹੋਵੇ ਪਰ ਲੰਬੇ ਸਮੇਂ ‘ਚ ਇਸਦਾ ਨੁਕਸਾਨ ਹੀ ਹੈ। ਅਹਿਮ ਗੱਲ ਇਹ ਹੈ ਕਿ ਪਾਰਟੀ ਇਸ ਸਮੱਸਿਆ ਨਾਲ ਜੂਝ ਰਹੀ ਹੈ ਕਿ ਨੇਤਾ ਜਦੋਂ ਚਾਹੇ ਕਾਂਗਰਸ ਛੱਡ ਕੇ ਚਲੇ ਜਾਂਦੇ ਹਨ ਤੇ ਬਾਅਦ ‘ਚ ਫਿਰ ਪਾਰਟੀ ‘ਚ ਪਰਤ ਆਉਂਦੇ ਹਨ। ਇਹੀ ਕਾਰਨ ਹੈ ਕਿ 13 ਅਕਤੂਬਰ ਨੂੰ ਬਲਬੀਰ ਸਿੱਧੂ, ਰਾਜਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ, ਸਾਬਕਾ ਵਿਧਾਇਕ ਡਾ. ਮੋਹਿੰਦਰ ਰਿਣਵਾ, ਹੰਸ ਰਾਜ ਜੋਸਨ ਤੇ ਜੀਤ ਮਹਿੰਦਰ ਸਿੱਧੂ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਬੇਟੇ ਕਮਲਜੀਤ ਢਿੱਲੋਂ, ਅਮਰਜੀਤ ਆਦਿ ਆਗੂਆਂ ਨੂੰ ਦਿੱਲੀ ‘ਚ ਪਾਰਟੀ ਜੁਆਇਨ ਨਹੀਂ ਕਰਵਾਈ ਗਈ। ਹੁਣ ਇਨ੍ਹਾਂ ਦੀ ਜੁਆਇਨਿੰਗ 20 ਅਕਤੂਬਰ ਨੂੰ ਪਾਰਟੀ ਦਫ਼ਤਰ ‘ਚ ਹੋਵੇਗੀ। ਉੱਥੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੋ ਲੋਕ ਪਾਰਟੀ ‘ਚ ਆ ਰਹੇ ਹਨ, ਉਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

Leave a comment