‘ਆਪ’ ਨੇ ਭਾਜਪਾ ਦੇ ਦੋਸ਼ ਨਕਾਰੇ
ਨਵੀਂ ਦਿੱਲੀ, 31 ਅਕਤੂਬਰ (ਪੰਜਾਬ ਮੇਲ)- ਭਾਜਪਾ ਨੇ ਅੱਜ ਦੋਸ਼ ਲਗਾਇਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਹੇਠ ਪੰਜਾਬ ਵਿਚ ਸੈਵਨ ਸਟਾਰ ਸਹੂਲਤ ਵਾਲਾ ਸ਼ੀਸ਼ ਮਹਿਲ ਪ੍ਰਦਾਨ ਕੀਤਾ ਜਾ ਰਿਹਾ ਹੈ, ਹਾਲਾਂਕਿ ਉਹ ਨਾ ਤਾਂ ਚੁਣੇ ਹੋਏ ਵਿਧਾਇਕ ਹਨ ਅਤੇ ਨਾ ਹੀ ਰਾਜ ਸਰਕਾਰ ਦਾ ਹਿੱਸਾ ਹਨ।
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਹ ਵੀ ਦੋਸ਼ ਲਗਾਇਆ ਕਿ ਦਿੱਲੀ ਵਿਚ ਚੋਣਾਂ ਹਾਰਨ ਵਾਲੇ ‘ਆਪ’ ਆਗੂਆਂ ਨੂੰ ਵੀ ਪੰਜਾਬ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਵਿਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਤੋਂ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਭਾਜਪਾ ਦੇ ਦੋਸ਼ਾਂ ‘ਤੇ ‘ਆਪ’ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਨਵੀਂ ਦਿੱਲੀ ਦੇ ‘ਸ਼ੀਸ਼ ਮਹਿਲ’ ਤੋਂ ਪਾਸੇ ਕਰ ਦਿੱਤਾ ਪਰ ਉਨ੍ਹਾਂ ਦੀ ਸ਼ੀਸ਼ ਮਹਿਲ ਹਾਸਲ ਕਰਨ ਦੀ ਮਾਨਸਿਕਤਾ ਅਜੇ ਤੱਕ ਗਈ ਨਹੀਂ। ਇਸ ਕਰਕੇ ਇੱਕ ਹੋਰ ਸ਼ੀਸ਼ ਮਹਿਲ ਪੰਜਾਬ ਵਿਚ ਟੈਕਸਦਾਤਾਵਾਂ ਦੇ ਪੈਸੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੋਟੇ ਹੇਠ ਬਣਾਇਆ ਜਾ ਰਿਹਾ ਹੈ ਕਿਉਂਕਿ ਕੇਜਰੀਵਾਲ ਪੰਜਾਬ ਦੇ ਸੁਪਰ ਸੀ.ਐੱਮ. ਹਨ। ਇਹ ਦੋਸ਼ ਪੂਨਾਵਾਲਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਲਾਏ। ਦੂਜੇ ਪਾਸੇ ਆਪ ਨੇ ਇਹ ਦੋਸ਼ ਨਕਾਰੇ ਹਨ।
ਭਗਵੰਤ ਮਾਨ ਮੁੱਖ ਮੰਤਰੀ ਕੋਟੇ ਵਿਚੋਂ ਪੰਜਾਬ ਵਿਚ ਕੇਜਰੀਵਾਲ ਲਈ ‘ਸ਼ੀਸ਼ ਮਹਿਲ’ ਬਣਾ ਰਹੇ ਹਨ: ਭਾਜਪਾ

