#EUROPE

ਬ੍ਰਿਟੇਨ ਸਰਕਾਰ ਵੱਲੋਂ ਵਿਜ਼ਟਰ ਤੇ ਸਟੂਡੈਂਟ ਵੀਜ਼ਾ ਫੀਸ ‘ਚ ਵਾਧੇ ਦਾ ਐਲਾਨ

-4 ਅਕਤੂਬਰ ਤੋਂ ਲਾਗੂ ਹੋਵੇਗਾ ਵਾਧਾ
ਲੰਡਨ, 18 ਸਤੰਬਰ (ਪੰਜਾਬ ਮੇਲ)- ਬਰਤਾਨੀਆ ਸਰਕਾਰ ਨੇ ਵਿਜ਼ਟਰ ਅਤੇ ਵਿਦਿਆਰਥੀ ਵੀਜ਼ਾ ਫੀਸ ‘ਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਛੇ ਮਹੀਨੇ ਦੇ ਵੀਜ਼ੇ ਲਈ 15 ਪੌਂਡ ਅਤੇ ਸਟੂਡੈਂਟ ਵੀਜ਼ੇ ਲਈ 127 ਪੌਂਡ ਵਧੇਰੇ ਦੇਣੇ ਪੈਣਗੇ। ਸੰਸਦ ‘ਚ ਸ਼ੁੱਕਰਵਾਰ ਨੂੰ ਰੱਖੇ ਗਏ ਬਿੱਲ ‘ਚ ਬਰਤਾਨੀਆ ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਵੀਜ਼ਾ ਫੀਸ ‘ਚ ਬਦਲਾਅ ਦਾ ਮਤਲਬ ਹੈ ਕਿ ਛੇ ਮਹੀਨੇ ਤੋਂ ਘੱਟ ਸਮੇਂ ਦੇ ਵਿਜ਼ਿਟਰ ਵੀਜ਼ੇ ਦੀ ਲਾਗਤ ਵਧ ਕੇ 115 ਪੌਂਡ ਹੋ ਜਾਵੇਗੀ, ਜਦਕਿ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ 490 ਪੌਂਡ ਦਾ ਭੁਗਤਾਨ ਕਰਨਾ ਪਵੇਗਾ। ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ, ਜਦੋਂ ਜੁਲਾਈ ‘ਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਐਲਾਨ ਕੀਤਾ ਸੀ ਕਿ ਵੀਜ਼ਾ ਅਰਜ਼ੀਕਾਰਾਂ ਵੱਲੋਂ ਕੌਮੀ ਸਿਹਤ ਸੇਵਾ ਲਈ ਅਦਾ ਕੀਤੇ ਜਾਂਦੇ ਸਿਹਤ ਸਰਚਾਰਜ ਅਤੇ ਫੀਸ ‘ਚ ਚੋਖਾ ਵਾਧਾ ਕੀਤਾ ਜਾਵੇਗਾ, ਤਾਂ ਜੋ ਦੇਸ਼ ਦੇ ਜਨਤਕ ਖੇਤਰ ਦੀ ਉਜਰਤ ‘ਚ ਵਾਧੇ ਨੂੰ ਪੂਰਾ ਕੀਤਾ ਜਾ ਸਕੇ। ਗ੍ਰਹਿ ਦਫ਼ਤਰ ਨੇ ਜ਼ਿਆਦਾਤਰ ਕੰਮ ਅਤੇ ਵਿਜ਼ਟਰ ਵੀਜ਼ਿਆਂ ਦੀ ਲਾਗਤ ਵਿਚ 15 ਫੀਸਦੀ ਅਤੇ ਤਰਜੀਹੀ ਵੀਜ਼ਾ, ਸਟੱਡੀ ਵੀਜ਼ਾ ਅਤੇ ਸਪਾਂਸਰਸ਼ਿਪ ਦੇ ਸਰਟੀਫਿਕੇਟਾਂ ਦੀ ਲਾਗਤ ਵਿਚ ਘੱਟੋ-ਘੱਟ 20 ਫੀਸਦੀ ਵਾਧੇ ਦਾ ਸੰਕੇਤ ਦਿੱਤਾ ਸੀ।

Leave a comment