#EUROPE

ਬ੍ਰਿਟੇਨ ਦੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਨੂੰ ਡੇਢ ਸਾਲ ਦੀ ਜੇਲ੍ਹ

-ਸੋਸ਼ਲ ਮੀਡੀਆ ‘ਤੇ ਖਾਸ ਭਾਈਚਾਰੇ ਖਿਲਾਫ ਇਤਰਾਜ਼ਯੋਗ ਵੀਡੀਓ ਸਾਂਝੀ ਕਰਨ ਦਾ ਠਹਿਰਾਇਆ ਦੋਸ਼ੀ
ਲੰਡਨ, 13 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ਐਪ ‘ਟਿਕਟੌਕ’ ਉੱਤੇ ਇਕ ਖਾਸ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਸਾਂਝੀ ਕਰਨ ਦਾ ਦੋਸ਼ੀ ਠਹਿਰਾਉਂਦਿਆਂ 18 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪਿਛਲੇ ਹਫ਼ਤੇ ਜਾਰੀ ਆਪਣੇ ਹੁਕਮ ‘ਚ ਦੱਖਣ-ਪੂਰਬੀ ਇੰਗਲੈਂਡ ‘ਚ ਬਰਕਸ਼ਾਇਰ ਦੇ ਸਲੋਹ ਵਾਸੀ ਅਮਰੀਕ ਸਿੰਘ ਬਾਜਵਾ (68) ਨੂੰ 240 ਪੌਂਡ ਜੁਰਮਾਨਾ ਵੀ ਲਾਇਆ ਹੈ।
ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ, ”ਥੇਮਸ ਵੈੱਲੀ ਪੁਲਿਸ ਦੀ ਜਾਂਚ ਮਗਰੋਂ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ਜ਼ਰੀਏ ਇਤਰਾਜ਼ਯੋਗ ਸੰਦੇਸ਼ ਸਾਂਝ ਕਰਨ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਹੈ।” ਬਾਜਵਾ ਨੇ ਪਿਛਲੇ ਸਾਲ 19 ਜੁਲਾਈ ਨੂੰ ਟਿਕਟੌਕ ‘ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿਚ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਲੋਹ ਥਾਣੇ ਦੇ ਜਾਂਚ ਅਧਿਕਾਰੀ ਸਰਜੈਂਟ ਐਂਡਰਿਊ ਗਰਾਂਟ ਨੇ ਕਿਹਾ, ”ਮੈਂ ਦਿੱਤੀ ਗਈ ਸਜ਼ਾ ਤੋਂ ਖੁਸ਼ ਹਾਂ, ਜਿਸ ਤੋਂ ਸਪੱਸ਼ਟ ਸੁਨੇਹਾ ਮਿਲਦਾ ਹੈ ਕਿ ਥੇਮਸ ਵੈੱਲੀ ਪੁਲਿਸ ਅਮਰੀਕ ਸਿੰਘ ਬਾਜਵਾ ਵਰਗਾ ਵਿਹਾਰ ਬਰਦਾਸ਼ਤ ਨਹੀਂ ਕਰੇਗੀ।” ਬਾਜਵਾ ਨੂੰ ਪੋਸਟ ਪਾਉਣ ਤੋਂ ਕੁਝ ਦਿਨ ਬਾਅਦ ਪਿਛਲੇ ਸਾਲ 22 ਜੁਲਾਈ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਾਲ 2 ਮਾਰਚ ਨੂੰ ਡਾਕ ਰਾਹੀਂ ਦੋਸ਼ ਲਾਏ ਗਏ ਸਨ।

Leave a comment