-ਇਕੱਲੇ ਲੰਡਨ ‘ਚ ਹੀ ਹਥਿਆਰਾਂ ਦੇ ਜ਼ੋਰ ‘ਤੇ ਕੀਤੇ ਅਪਰਾਧ 2500 ਫ਼ੀਸਦੀ ਵਧੇ
ਲੰਡਨ, 20 ਫਰਵਰੀ (ਪੰਜਾਬ ਮੇਲ)– ਬ੍ਰਿਟੇਨ ‘ਚ ਗੰਨ ਕ੍ਰਾਈਮ ਮਹਾਮਾਰੀ ਵਾਂਗ ਵੱਧ ਰਿਹਾ ਹੈ। ਇਕੱਲੇ ਲੰਡਨ ‘ਚ ਹੀ ਹਥਿਆਰਾਂ ਦੇ ਜ਼ੋਰ ‘ਤੇ ਕੀਤੇ ਗਏ ਅਪਰਾਧਾਂ ‘ਚ 2500 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੇਲਸ ‘ਚ ਵੀ ਇਕ ਸਾਲ ਦੇ ਅੰਦਰ ਅਜਿਹੇ ਅਪਰਾਧਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2021-2022 ਦੀਆਂ ਪਹਿਲੀਆਂ ਦੋ ਤਿਮਾਹੀਆਂ ਤੇ 2022-23 ਦੀ ਤੁਲਣਾ ਕਰਨ ‘ਤੇ ਪਾਇਆ ਗਿਆ ਕਿ ਇਕ ਸਾਲ ਦੀ 6 ਮਹੀਨਿਆਂ ਦੀ ਇਸ ਮਿਆਦ ‘ਚ ਮਾਮਲੇ 570 ਤੋਂ ਵੱਧ ਕੇ 850 ਹੋ ਗਏ।
ਇਕੱਲੇ ਲੰਡਨ ‘ਚ 237 ਮਾਮਲੇ ਦਰਜ ਕੀਤੇ ਗਏ, ਜੋ ਕਿ 2533 ਫ਼ੀਸਦੀ ਦਾ ਵਾਧਾ ਹੈ। ਪਿਛਲੇ ਸਾਲ ਦੀ ਇਸ ਮਿਆਦ ‘ਚ ਲੰਡਨ ‘ਚ ਸਿਰਫ 9 ਮਾਮਲੇ ਆਏ ਸਨ। ਇਸ ਤੋਂ ਇਲਾਵਾ ਚਾਕੂ ਨਾਲ ਜੁੜੇ ਅਪਰਾਧਾਂ ‘ਚ ਵੀ ਬ੍ਰਿਟੇਨ ‘ਚ 15 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵਾਹਨ ਚੋਰੀ ਦੇ ਮਾਮਲਿਆਂ ‘ਚ 31 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਲੰਡਨ ‘ਚ ਜਿਥੇ 2533 ਫ਼ੀਸਦੀ ਦੇ ਵਾਧੇ ਨਾਲ 237 ਮਾਮਲੇ ਦਰਜ ਕੀਤੇ ਗਏ, ਉਥੇ ਏਸੈਕਸ ‘ਚ 81 ਫ਼ੀਸਦੀ ਦੇ ਵਾਧੇ ਨਾਲ 58, ਵੈਸਟ ਯਾਰਕਸ਼ਾਇਰ ‘ਚ 147 ਫ਼ੀਸਦੀ ਦੇ ਵਾਧੇ ਨਾਲ 37 ਤੇ ਕੈਂਟ ‘ਚ 130 ਫ਼ੀਸਦੀ ਦੇ ਵਾਧੇ ਨਾਲ 46 ਮਾਮਲੇ ਦਰਜ ਹੋਏ ਹਨ।