11.1 C
Sacramento
Tuesday, March 28, 2023
spot_img

ਬ੍ਰਿਟੇਨ ‘ਚ ਬਾਲ ਵਿਆਹ ਨੂੰ ਰੋਕਣ ਲਈ ਨਵਾਂ ਕਾਨੂੰਨ ਲਾਗੂ

-ਬਾਲ ਵਿਆਹ ਕਰਵਾਉਣ ਦੇ ਦੋਸ਼ੀ ਨੂੰ ਹੋਵੇਗੀ 7 ਸਾਲ ਦੀ ਜੇਲ੍ਹ
ਲੰਡਨ, 28 ਫਰਵਰੀ (ਪੰਜਾਬ ਮੇਲ)- ਇੰਗਲੈਂਡ ਅਤੇ ਵੇਲਜ਼ ਵਿਚ ਵਿਆਹ ਲਈ ਘੱਟੋ-ਘੱਟ ਉਮਰ ਵਧਾ ਕੇ 18 ਸਾਲ ਕਰ ਦਿੱਤੀ ਗਈ ਹੈ, ਤਾਂ ਕਿ ਘੱਟ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਵਿਆਹ ਲਈ ਮਜਬੂਰ ਕੀਤੇ ਜਾਣ ਤੋਂ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਤੱਕ 16 ਜਾਂ 17 ਸਾਲ ਦੀ ਉਮਰ ਦੇ ਲੋਕ ਮਾਤਾ-ਪਿਤਾ ਦੀ ਸਹਿਮਤੀ ਨਾਲ ਵਿਆਹ ਕਰ ਸਕਦੇ ਸਨ। ਨਵੇਂ ਕਾਨੂੰਨ ‘ਵਿਆਹ ਅਤੇ ਨਾਗਰਿਕ ਭਾਗੀਦਾਰੀ (ਘੱਟੋ-ਘੱਟ) ਉਮਰ 2022’ ਦਾ ਉਨ੍ਹਾਂ ਚੈਰੀਟੇਬਲ ਸੰਸਥਾਵਾਂ ਨੇ ਸਵਾਗਤ ਕੀਤਾ ਹੈ, ਜੋ ਜ਼ਬਰੀ ਵਿਆਹਾਂ ਵਿਰੁੱਧ ਮੁਹਿੰਮ ਚਲਾ ਰਹੀਆਂ ਸਨ।
ਜ਼ਬਰਨ ਵਿਆਹ ਦੀ ਸਮੱਸਿਆ ਨਾਲ ਬ੍ਰਿਟੇਨ ਵਿਚ ਦੱਖਣੀ ਏਸ਼ੀਆਈ ਅਤੇ ਅਫਰੀਕੀ ਭਾਈਚਾਰੇ ਦੇ ਕੁਝ ਹਿੱਸੇ ਵਿਆਪਕ ਤੌਰ ‘ਤੇ ਪ੍ਰਭਾਵਿਤ ਹਨ। ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ ਕਿਹਾ, ”ਇਸ ਕਾਨੂੰਨ ਦੀ ਮਦਦ ਨਾਲ ਨੌਜਵਾਨਾਂ ਨੂੰ ਸਾਡੇ ਸਮਾਜ ‘ਚ ਮੌਜੂਦ ਜ਼ਬਰਨ ਵਿਆਹ ਦੀ ਸਮੱਸਿਆ ਤੋਂ ਬਿਹਤਰ ਢੰਗ ਨਾਲ ਬਚਾਇਆ ਜਾ ਸਕਦਾ ਹੈ।” ਉਨ੍ਹਾਂ ਕਿਹਾ, ”ਬੱਚਿਆਂ ਨੂੰ ਛੋਟੀ ਉਮਰ ਵਿਚ ਵਿਆਹ ਕਰਵਾਉਣ ਲਈ ਧੋਖਾ ਦੇਣ ਵਾਲਿਆਂ ਨੂੰ ਹੁਣ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।” ਬਾਲ ਵਿਆਹ ਕਰਵਾਉਣ ਦੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਬ੍ਰਿਟੇਨ ਸਰਕਾਰ ਨੇ ਕਿਹਾ ਕਿ 18 ਸਾਲ ਨੂੰ ਵਿਆਪਕ ਤੌਰ ‘ਤੇ ਉਸ ਉਮਰ ਵਜੋਂ ਮਾਨਤਾ ਦਿੱਤੀ ਜਾਂਦੀ ਹੈ, ਜਦੋਂ ਵਿਅਕਤੀ ਬਾਲਗ ਹੋ ਜਾਂਦਾ ਹੈ ਅਤੇ ਪੂਰਨ ਨਾਗਰਿਕਤਾ ਅਧਿਕਾਰ ਪ੍ਰਾਪਤ ਕਰਦਾ ਹੈ। ਪਹਿਲਾਂ ਜੇਕਰ ਇਹ ਸਾਬਤ ਹੋ ਜਾਂਦਾ ਸੀ ਕਿ ਕਿਸੇ ਵਿਅਕਤੀ ਨੇ ਜ਼ਬਰਨ ਕਿਸੇ ਦਾ ਵਿਆਹ ਕਰਵਾਇਆ ਹੈ, ਤਾਂ ਹੀ ਇਸ ਨੂੰ ਅਪਰਾਧ ਮੰਨਿਆ ਜਾਂਦਾ ਸੀ, ਪਰ ਹੁਣ ਜ਼ਬਰਨ ਵਿਆਹ ਹੋਣ ਦੀ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਹੈ। ਜੇਕਰ ਕਿਸੇ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿਚ ਕਰਾਇਆ ਜਾਂਦਾ ਹੈ, ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਲੜਕੀਆਂ ਨਾਲ ਘਰੇਲੂ ਹਿੰਸਾ, ਸਮੇਂ ਤੋਂ ਪਹਿਲਾਂ ਪੜ੍ਹਾਈ ਛੱਡਣ ਦੀ ਸਮੱਸਿਆ, ਕਰੀਅਰ ਦੇ ਸੀਮਤ ਮੌਕੇ ਅਤੇ ਗੰਭੀਰ ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਅਕਸਰ ਬਾਲ ਵਿਆਹ ਨਾਲ ਜੁੜੀਆਂ ਹੁੰਦੀਆਂ ਹਨ। ਬ੍ਰਿਟੇਨ ਸਰਕਾਰ ਨੇ ਕਿਹਾ ਕਿ ਇਹ ਕਾਨੂੰਨੀ ਤਬਦੀਲੀ 2030 ਤੱਕ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਵਿਚ ਕੀਤੇ ਗਏ ਸੰਕਲਪ ਨੂੰ ਲੈ ਕੇ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Related Articles

Stay Connected

0FansLike
3,753FollowersFollow
20,700SubscribersSubscribe
- Advertisement -spot_img

Latest Articles