#EUROPE

ਬ੍ਰਿਟੇਨ ‘ਚ ਉਦਯੋਗਪਤੀ ਨੂੰ ਅਗਵਾ ਕਰਨ ਦੇ ਦੋਸ਼ ਹੇਠ 3 ਭਾਰਤੀਆਂ ਨੂੰ ਹੋਈ 45 ਸਾਲ ਕੈਦ ਦੀ ਸਜ਼ਾ

ਲੰਡਨ, 15 ਜੁਲਾਈ (ਪੰਜਾਬ ਮੇਲ)- ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ‘ਚ ਸਥਿਤ ਵੁਲਵਰਹੈਂਪਟਨ ਸਿਟੀ ਸੈਂਟਰ ਵਿਚ ਇੱਕ ਉਦਯੋਗਪਤੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 2 ਭਰਾਵਾਂ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਕੁੱਲ 45 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਲਜੀਤ ਬਘਰਾਲ (33) ਅਤੇ ਉਸ ਦੇ ਭਰਾ ਡੇਵਿਡ ਬਘਰਾਲ (28) ਨੂੰ 22 ਸਾਲਾ ਸ਼ਾਨੂ ਸ਼ਾਨੂ ਦੇ ਨਾਲ ਪਿਛਲੇ ਸਾਲ ਨਵੰਬਰ ਵਿਚ ਕੰਮ ਤੋਂ ਬਾਅਦ ਆਪਣੀ ਕਾਰ ਵੱਲ ਜਾਂਦੇ ਸਮੇਂ ਪੀੜਤ ਉੱਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ।
ਉਨ੍ਹਾਂ ਨੇ ਉਸਨੂੰ ਇੱਕ ਵੈਨ ਵਿਚ ਬਿਠਾਇਆ ਅਤੇ ਉਸਦੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਇੱਕ ਦੁਕਾਨ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਉਸਨੂੰ ਹਿੰਸਾ ਦੀ ਧਮਕੀ ਦਿੱਤੀ ਅਤੇ ਉਸਦੇ ਸਿਰ ‘ਤੇ ਪਿਸਤੌਲ ਰੱਖੀ। ਤਿੰਨਾਂ ਨੂੰ ਪਿਛਲੇ ਮਹੀਨੇ ਵੁਲਵਰਹੈਂਪਟਨ ਕ੍ਰਾਊਨ ਕੋਰਟ ਵਿਚ ਸੁਣਵਾਈ ਤੋਂ ਬਾਅਦ ਦੋਸ਼ੀ ਪਾਇਆ ਗਿਆ ਅਤੇ ਇਸ ਹਫਤੇ ਦੋਵਾਂ ਭਰਾਵਾਂ ਨੂੰ 16-16 ਸਾਲ, ਜਦੋਂ ਕਿ ਉਨ੍ਹਾਂ ਦੇ ਸਾਥੀ ਨੂੰ 13 ਸਾਲ, 4 ਮਹੀਨੇ ਦੀ ਸਜ਼ਾ ਸੁਣਾਈ ਗਈ। ਵੁਲਵਰਹੈਂਪਟਨ ਕ੍ਰਾਊਨ ਕੋਰਟ ਦੀ ਮੁੱਖ ਅਪਰਾਧ ਜਾਂਚ ਟੀਮ ਦੇ ਡਿਟੈਕਟਿਵ ਕਾਂਸਟੇਬਲ ਡੈਨ ਡੇਵਿਡ ਨੇ ਕਿਹਾ, ”ਇਨ੍ਹਾਂ ਵਿਅਕਤੀਆਂ ਨੇ ਪੀੜਤਾ ਨੂੰ ਕਈ ਘੰਟੇ ਭਿਆਨਕ ਤਸੀਹੇ ਦਿੱਤੇ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਨ੍ਹਾਂ ਨੇ ਵੱਡੀ ਰਕਮ ਵਸੂਲਣ ਦੇ ਇੱਕੋ ਇੱਕ ਉਦੇਸ਼ ਨਾਲ ਅਗਵਾ ਦੀ ਯੋਜਨਾ ਬਣਾਈ ਸੀ, ਪਰ ਹੁਣ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ।”

Leave a comment