ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬੀ ਵਿਅਕਤੀ ਨੇ ਕਤਲ ਦੇ ਸਵੀਕਾਰੇ ਦੋਸ਼ ਵਾਪਸ ਲੈਣ ਲਈ ਦਿੱਤੀ ਅਰਜ਼ੀ

757
Share

ਕੈਲੋਵੇਨਾ,  27 ਫਰਵਰੀ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਦੇ ਇੰਟੀਰੀਅਰ ਵਿਚ ਇਕ ਹੋਟਲ ਦੇ ਕਮਰੇ ਵਿਚ ਇਕ ਔਰਤ ਦਾ ਕਤਲ ਕਰਨ ਦਾ ਦੋਸ਼ੀ ਹੁਣ ਉਸ ਵੱਲੋਂ ਇਕਬਾਲ ਕੀਤੇ ਦੋਸ਼ ਵਾਪਸ ਲੈਣੇ ਚਾਹੁੰਦਾ ਹੈ। ਤੇਜਵੰਤ ਧੰਜੂ ਨਾਂ ਦੇ ਉਕਤ ਦੋਸ਼ੀ ਨੇ ਆਪਣੀ ਵਕੀਲ ਰਾਹੀਂ ਅਰਜ਼ੀ ਦੇ ਕੇ ਅਦਾਲਤ ਤੋਂ ਦੋਸ਼ ਵਾਪਸ ਲੈਣ ਦੀ ਇੱਛਾ ਜ਼ਾਹਰ ਕੀਤੀ ਹੈ। ਕੈਲੋਵੇਨਾ ਵਿਚ ਬੁੱਧਵਾਰ ਨੂੰ ਅਦਾਲ ਵਿਚ ਉਦੋਂ ਸਭ ਹੈਰਾਨ ਰਹਿ ਗਏ ਜਦੋਂ ਉਕਤ ਮੁਲਜ਼ਮ ਦੀ ਵਕੀਲ ਡੋਨਾ ਟੁਰਕੋ ਨੇ ਬੀ. ਸੀ. ਦੀ ਸੁਪਰੀਮ ਕੋਰਟ ਵਿਚ ਜੱਜ ਨੂੰ ਕਿਹਾ ਕਿ ਉਸ ਨੂੰ ਉਸ ਦੇ ਮੁਵੱਕਿਲ ਤੋਂ ਹਦਾਇਤ ਮਿਲੀ ਹੈ ਕਿ ਉਹ ਆਪਣੇ ਵੱਲੋਂ ਸਵੀਕਾਰ ਕੀਤੇ ਗਏ ਦੋਸ਼ ਵਾਪਸ ਲੈਣੇ ਚਾਹੁੰਦਾ ਹੈ। ਜਸਟਿਸ ਐਲੀਸਨ ਬੀਮਜ਼ ਨੇ ਉਕਤ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਟਾਲ ਦਿੱਤੀ। ਸ਼ੁੱਕਰਵਾਰ ਨੂੰ ਅਦਾਲਤ ਇਹ ਫੈਸਲਾ ਕਰੇਗੀ ਕਿ ਕੀ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਸਬੰਧੀ ਜੁਰਮ ਇਕਬਾਲ ਕਰਨ ਵਾਲੀ ਗੱਲ ਤੋਂ ਪਿੱਛੇ ਹਟਣ ਸਬੰਧੀ ਧੰਜੂ ਦੀ ਅਰਜ਼ੀ ਸਵੀਕਾਰ ਕਰਨੀ ਹੈ ਜਾਂ ਨਹੀਂ।
ਕਾਬਿਲੇਗੌਰ ਹੈ ਕਿ ਧੰਜੂ ‘ਤੇ ਜੁਲਾਈ 2018 ਵਿਚ ਪੱਛਮੀ ਕੈਲੋਵਨਾ ਵਿਚ ਬੈਸਟ ਵੈਸਟਰਨ ਪਲੱਸ ਹੋਟਲ ਦੇ ਇਕ ਕਮਰੇ ਵਿਚ ਆਪਣੀ ਮਹਿਲਾ ਮਿੱਤਰ ਰਾਮਾ ਗੌਰਾਵਾਰਾਪੂ ਦੀ ਹੱਤਿਆ ਦਾ ਦੋਸ਼ ਹੈ। ਮੰਗਲਵਾਰ ਨੂੰ ਰਿਕਾਰਡ ਵਿਚ ਉਕਤ  ਅਰਜ਼ੀ ਦਰਜ ਹੋਣ ਤੋਂ ਬਾਅਦ 70 ਸਾਲਾ ਵੈਨਕੂਵਰ ਰੀਅਤ ਅਸਟੇਟ ਏਜੰਟ ਨੇ ਆਪਣੀ ਅਰਜ਼ੀ ਦੀ ਪੁਸ਼ਟੀ ਵਾਲੇ ਕਾਗਜ਼ਾਤ ‘ਤੇ ਦਸਤਖਤ ਕਰਨੋਂ ਨਾਂਹ ਕਰ ਦਿੱਤੀ ਸੀ। ਕਰਾਊਨ ਕੌਂਸਲ ਮਾਈਕਲ ਲੈਫਬੁਰੇ ਨੇ ਧੰਜੂ ਦੀ ਦੋਸ਼ ਵਾਪਸ ਲੈਣ ਵਾਲੀ ਅਰਜ਼ੀ ‘ਤੇ ਹੈਰਾਨੀ ਪ੍ਰਗਟਾਈ ਹੈ, ਉਹ ਵੀ ਉਦੋਂ ਜਦੋਂ ਬੀਮਜ਼ ਇਸ ਸਬੰਧੀ ਉਸ ਕੋਲੋਂ ਸੰਜੀਦਾ ਪੁੱਛ-ਪੜਤਾਲ ਕਰ ਚੁੱਕੇ ਸਨ ਅਤੇ ਉਸ ਨੂੰ ਸਮਝਾ ਚੁੱਕੇ ਸਨ ਕਿ ਉਸ ਵੱਲੋਂ ਇਕਬਾਲ ਕੀਤੇ ਸੈਕੰਡ ਡਿਗਰੀ ਮਰਡਰ ਦੇ ਦੋਸ਼ ਸਵੀਕਾਰਨ ਦੇ ਕੀ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਸਾਵਧਾਨੀ ਨਾਲ ਫੈਸਲਾ ਲੈਣਾ ਚਾਹੀਦਾ ਹੈ। ਅਦਾਲਤ ਦੇ ਰੁਖ਼ ਤੋਂ ਬਾਅਦ ਹੀ ਇਸ ਕੇਸ ਦੇ ਟਰਾਇਲ ਬਾਰੇ ਸਥਿਤੀ ਸਾਫ ਹੋ ਸਕੇਗੀ।


Share