#PUNJAB

ਬੇਅਦਬੀ ਕਾਂਡ ਨਾਲ ਜੁੜੇ ਤਿੰਨ ਕੇਸਾਂ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਬਾਰੇ ਸੁਣਵਾਈ 28 ਨੂੰ

-ਸੁਪਰੀਮ ਕੋਰਟ ਦਾ ਬੈਂਚ ਤਰਜੀਹੀ ਅਧਾਰ ‘ਤੇ ਕਰੇਗਾ ਸੁਣਵਾਈ
ਫ਼ਰੀਦਕੋਟ, 21 ਫਰਵਰੀ (ਪੰਜਾਬ ਮੇਲ)- ਬੇਅਦਬੀ ਕਾਂਡ ਨਾਲ ਜੁੜੇ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਕੇਸਾਂ ਨੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿਚ ਬਦਲਣ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ 28 ਫਰਵਰੀ ਨੂੰ ਸੁਣਵਾਈ ਕਰੇਗੀ। ਸੁਪਰੀਮ ਕੋਰਟ ਦੇ ਬੈਂਚ ਨੇ ਆਪਣੇ ਰਜਿਸਟਰਾਰ ਨੂੰ ਆਦੇਸ਼ ਦਿੱਤੇ ਹਨ ਕਿ ਡੇਰਾ ਪ੍ਰੇਮੀਆਂ ਦੇ ਕੇਸ ਤਬਦੀਲ ਕਰਨ ਵਾਲੀ ਪਟੀਸ਼ਨ ਨੂੰ ਸੂਚੀ ਵਿਚ ਪਹਿਲੇ ਪੰਜਾਂ ਕੇਸਾਂ ਵਿਚ ਰੱਖਿਆ ਜਾਵੇ, ਤਾਂ ਜੋ 28 ਫਰਵਰੀ ਨੂੰ ਕੇਸ ਦੀ ਸੁਣਵਾਈ ਯਕੀਨੀ ਹੋ ਸਕੇ। ਦੱਸਣਯੋਗ ਹੈ ਕਿ ਪੰਜ ਡੇਰਾ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਤਿੰਨ ਕੇਸਾਂ ਨੂੰ ਪੰਜਾਬ ਦੀ ਥਾਂ ਕਿਸੇ ਹੋਰ ਸੂਬੇ ਵਿਚ ਬਦਲਣ ਦੀ ਮੰਗ ਕੀਤੀ ਹੈ। ਡੇਰਾ ਪ੍ਰੇਮੀਆਂ ਵੱਲੋਂ ਦਾਖਲ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਵਿਚ ਡੇਰਾ ਮੁਖੀ ਸਣੇ 11 ਪ੍ਰੇਮੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਦੋ ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ, ਜਿਸ ਕਰਕੇ ਉਹ ਪੰਜਾਬ ਵਿਚ ਆਪਣੇ ਕੇਸਾਂ ਦੀ ਪੈਰਵੀ ਆਜ਼ਾਦ ਤਰੀਕੇ ਨਾਲ ਨਹੀਂ ਕਰ ਸਕਦੇ। ਸੁਪਰੀਮ ਕੋਰਟ ਵਿਚ ਇਸ ਮਾਮਲੇ ਉੱਪਰ ਹੁਣ ਤੱਕ ਤਿੰਨ ਵਾਰ ਤਰੀਕਾਂ ਪੈ ਚੁੱਕੀਆਂ ਹਨ। ਡੇਰਾ ਪ੍ਰੇਮੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕੇਸ ਪੰਜਾਬ ਤੋਂ ਬਾਹਰਲੀ ਅਦਾਲਤ ਵਿਚ ਤਬਦੀਲ ਕੀਤੇ ਜਾਣ। ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਹੈ ਕਿ ਜਿਹੜੇ ਡੇਰਾ ਪ੍ਰੇਮੀ ਬੇਅਦਬੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਹਨ, ਉਨ੍ਹਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

Leave a comment