#PUNJAB

ਬੁੱਢਾ ਦਲ ਵੱਲੋਂ ਨਿਹੰਗ ਸਿੰਘਾਂ ਦੀ ਛਾਉਣੀ ਅਮਰੀਕਾ ਵਿਖੇ ਸਥਾਪਤ

-ਬਾਣੀ ਬੋਧ, ਸੰਥਿਆ ਦੇ ਨਾਲ-ਨਾਲ ਘੋੜ ਸਵਾਰੀ ਤੇ ਗਤਕਾ ਵੀ ਸਿਖਾਇਆ ਜਾਵੇਗਾ
ਸ੍ਰੀ ਫਤਿਹਗੜ੍ਹ ਸਾਹਿਬ, 26 ਜੂਨ (ਪੰਜਾਬ ਮੇਲ)- ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਦੀ ਦੂਜੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਜਥੇ: ਜਸਵਿੰਦਰ ਸਿੰਘ ਜੱਸੀ ਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਅਮਰੀਕਾ ਸਥਿਤ ਪਲੇਨਫੀਲਡ ਇੰਡੀਆਨਾ ਵਿਖੇ ਗੁਰਦੁਆਰਾ ਸਾਹਿਬ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਖਾਲਸਾਈ ਜਾਹੋ ਜਲਾਲ ਨਾਲ ਖਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਨਿਸ਼ਾਨ ਸਾਹਿਬ ਲਹਿਰਾਉਣ ਉਪਰੰਤ ਗੁਰਦੁਆਰਾ ਸਾਹਿਬ ਦੀ ਮੁਕੰਮਲ ਰੂਪ ਵਿਚ ਰੋਜ਼ਾਨਾ ਦੀ ਮਰਿਯਾਦਾ ਲਾਗੂ ਹੋ ਗਈ ਹੈ।
ਅਮਰੀਕਾ ਸਥਿਤ ਬੁੱਢਾ ਦਲ ਦੇ ਇੰਚਾਰਜ਼ ਜਥੇ: ਜਸਵਿੰਦਰ ਸਿੰਘ ਜੱਸੀ ਨੇ ਪ੍ਰੋਗਰਾਮ ਸਬੰਧੀ ਵੇਰਵਾ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨਾਲ ਸਾਂਝਾ ਕਰਦਿਆਂ ਦੱਸਿਆ ਕਿ 22 ਜੂਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਸ੍ਰੀ ਸਰਬਲੋਹ ਗ੍ਰੰਥ ਦੇ ਪਾਠ ਆਰੰਭ ਹੋਏ ਸਨ, ਜਿਨ੍ਹਾਂ ਦੇ ਭੋਗ 24 ਜੂਨ ਨੂੰ ਨਿਹੰਗ ਸਿੰਘਾਂ ਨੇ ਦਲ ਪੰਥ ਦੀ ਮਰਿਯਾਦਾ ਅਨੁਸਾਰ ਪਾਏ ਗਏ। ਉਪਰੰਤ ਵੱਖ-ਵੱਖ ਨਿਹੰਗ ਸਿੰਘਾਂ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਤੋਂ ਪਹਿਲਾਂ ਸਿੱਖ ਰਹੁਰੀਤਾਂ ਤੇ ਪ੍ਰੰਪਰਾਵਾਂ ਤੇ ਮਰਿਯਾਦਾ ਅਨੁਸਾਰ ਖਾਲਸਾਈ ਜੈਕਾਰਿਆਂ ਨਾਲ ਸ੍ਰੀ ਨਿਸ਼ਾਨ ਸਾਹਿਬ ਲਹਿਰਾਏ ਗਏ।
ਇਸ ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਨੇ ਦਲਪੰਥ ਦੇ ਸਮੁੱਚੇ ਇਤਿਹਾਸ ਅਤੇ ਮੁਖੀ ਜਰਨੈਲਾਂ ਦੀ ਮਹਾਨ ਕੁਰਬਾਨੀ ਸਬੰਧੀ ਵਿਸਥਾਰਪੂਰਵਕ ਸੰਗਤਾਂ ਨਾਲ ਸਾਂਝ ਪਾਈ ਅਤੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ। ਇਸ ਧਾਰਮਿਕ ਗੁਰਮਤਿ ਸਮਾਗਮ ਮੌਕੇ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਬਟਾਲਾ ਵਾਲਿਆਂ ਨੇ ਦਸਮ ਦੀ ਬਾਣੀ ਦਾ ਕੀਰਤਨ ਕੀਤਾ ਅਤੇ ਨਿਹੰਗ ਸਿੰਘਾਂ ਦੀ ਸਿੱਖ ਇਤਿਹਾਸ ਵਿਚ ਭੂਮਿਕਾ ਸਬੰਧੀ ਵੀ ਸੰਗਤਾਂ ਨੂੰ ਚਾਨਣਾ ਪਾਇਆ। ਇਸ ਸਮਾਗਮ ਵਿਚ ਸ਼ਿਕਾਗੋ ਤੋਂ ਬਾਬਾ ਦਲਜੀਤ ਸਿੰਘ, ਬਾਬਾ ਮੁਖਤਿਆਰ ਸਿੰਘ, ਜਥੇ: ਰਘਬੀਰ ਸਿੰਘ ਕਨੇਡਾ, ਭਾਈ ਅਮਰੀਕ ਸਿੰਘ ਨਿਹੰਗ ਸਿੰਘ ਅਮਰੀਕਾ, ਬਾਬਾ ਸੁਖਬੀਰ ਸਿੰਘ, ਬਾਬਾ ਗੁਰਮੇਲ ਸਿੰਘ ਕਨੇਡਾ, ਸ. ਗੁਰਮੀਤ ਸਿੰਘ ਸੱਲ੍ਹਾ, ਸ. ਸਰਬਜੀਤ ਸਿੰਘ ਸੱਲ੍ਹਾ, ਸ. ਹਰਪਾਲ ਸਿੰਘ ਢਿੱਲੋਂ, ਸ. ਬਲਦੇਵ ਸਿੰਘ ਸੱਲ੍ਹਾ, ਹੈਰੀ ਘੁੰਮਣ, ਸ. ਹਜ਼ੂਰ ਸਿੰਘ, ਸ. ਪ੍ਰਬੋਧ ਸਿੰਘ, ਸ. ਜਸਮੀਤ ਸਿੰਘ, ਸ. ਕੁਲਦੀਪ ਸਿੰਘ, ਸ. ਸਿਮਰਨ ਸਿੰਘ, ਸ. ਗੁਰਜੰਟ ਸਿੰਘ, ਸ. ਹਰਸਿਮਰਨ ਸਿੰਘ ਬਾਬਾ ਸਤਨਾਮ ਸਿੰਘ ਸਲੂਜਾ ਤੇ ਬੀਬੀ ਪਰਮਜੀਤ ਕੌਰ ਪਿੰਕੀ ਗੁਰੂ ਅੰਗਦ ਦੇਵ ਨਿਵਾਸ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦਾ ਵੱਖ-ਵੱਖ ਗੁਰਦੁਆਰਾ ਕਮੇਟੀ, ਵੱਖ-ਵੱਖ ਸੰਸਥਾਵਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਜਾ ਰਿਹਾ ਹੈ ਅਤੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਲਈ ਸੰਗਤਾਂ ਹੁੰਮਹੁਮਾ ਕੇ ਪੁੱਜ ਰਹੀਆਂ ਹਨ।

Leave a comment