#AMERICA

ਬੀ.ਏ.ਪੀ.ਐੱਸ. ਸੰਸਥਾ ਵੱਲੋਂ ਪਤੰਗਬਾਜ਼ੀ ਸਮਾਗਮ ਕਰਵਾਇਆ ਗਿਆ

ਸੈਕਰਾਮੈਂਟੋ, 26 ਅਪ੍ਰੈਲ (ਪੰਜਾਬ ਮੇਲ)- ਸੈਕਰਾਮੈਂਟੋ ਕਾਊਂਟੀ ਦੇ ਮੇਥਰ ਸ਼ਹਿਰ ‘ਚ ਸਥਿਤ ਬੀ.ਏ.ਪੀ.ਐੱਸ. ਸੰਸਥਾ ਵੱਲੋਂ ਹਰ ਇਕ ਦਿਨ, ਤਿਉਹਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਪਤੰਗਬਾਜ਼ੀ ਦਾ ਤਿਉਹਾਰ ਇਥੇ ਵਿਸ਼ੇਸ਼ ਤੌਰ ‘ਤੇ ਮਨਾਇਆ ਗਿਆ, ਜਿਸ ਦੌਰਾਨ ਭਾਰੀ ਗਿਣਤੀ ਵਿਚ ਵੱਖ-ਵੱਖ ਫਿਰਕੇ ਦੇ ਲੋਕ ਇਥੇ ਪਹੁੰਚੇ ਅਤੇ ਉਨ੍ਹਾਂ ਨੇ ਪਤੰਗਬਾਜ਼ੀ ਦਾ ਆਨੰਦ ਲਿਆ। ਬੀ.ਏ.ਪੀ.ਐੱਸ. ਸੰਸਥਾ ਵੱਲੋਂ ਪਤੰਗਬਾਜ਼ੀ ਲਈ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸਨ। ਇਸ ਵਿਚ ਹਿੱਸਾ ਲੈਣ ਲਈ ਪਤੰਗ ਅਤੇ ਡੋਰ ਵੀ ਮੌਕੇ ‘ਤੇ ਉਪਲਬੱਧ ਸੀ। ਇਸ ਪਤੰਗਬਾਜ਼ੀ ਸਮਾਗਮ ਵਿਚ ਵੱਖ-ਵੱਖ ਵਰਗ ਅਤੇ ਉਮਰ ਦੇ ਲੋਕਾਂ ਨੇ ਸ਼ਿਰਕਤ ਕੀਤੀ। ਖਾਸ ਤੌਰ ‘ਤੇ ਬੱਚਿਆਂ ਨੇ ਇਸ ਵਿਚ ਬੜਾ ਉਤਸ਼ਾਹ ਦਿਖਾਇਆ। ਆਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਸੀ। ਬੀ.ਏ.ਪੀ.ਐੱਸ. ਸੰਸਥਾ ਦਾ ਇਹ ਉਪਰਾਲਾ ਹੁੰਦਾ ਹੈ ਕਿ ਹਰ ਵਰਗ ਦੇ ਲੋਕ ਇਕ ਸਥਾਨ ‘ਤੇ ਇਕੱਠੇ ਹੋਣ, ਤਾਂਕਿ ਸਮਾਜ ਵਿਚ ਸ਼ਾਂਤੀ ਅਤੇ ਪਿਆਰ ਦੀ ਸਦਭਾਵਨਾ ਨੂੰ ਕਾਇਮ ਰੱਖਿਆ ਜਾ ਸਕੇ।
ਇਸ ਦੌਰਾਨ ਬੀ.ਏ.ਪੀ.ਐੱਸ., ਸੈਕਰਾਮੈਂਟੋ ਦੇ ਸੰਸਥਾਪਕ ਸਾਧੂ ਹਰੀਨਿਵਾਸ ਦਾਸ, ਸਾਧੂ ਵਿਨਮਰਾ ਜੀਵਨ ਦਾਸ ਨੇ ਪੰਜਾਬ ਮੇਲ ਟੀ.ਵੀ. ਨਾਲ ਗੱਲਬਾਤ ਕਰਦਿਆਂ ਬੀ.ਏ.ਪੀ.ਐੱਸ. ਦੇ ਮੁੱਢਲੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਸੰਖੇਪ ਇਤਿਹਾਸ ਬਾਰੇ ਵੀ ਦੱਸਿਆ। ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ 100 ਸਾਲ ਤੋਂ ਪਹਿਲਾਂ ਦੀ ਹੋਂਦ ਵਿਚ ਆਈ ਹੋਈ ਸੀ ਅਤੇ ਇਸ ਸੰਸਥਾ ਵੱਲੋਂ ਦੁਨੀਆਂ ਭਰ ਵਿਚ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।

Leave a comment