#INDIA

ਬਿਹਾਰ ’ਚ ਪੱਤਰਕਾਰ ਨੂੰ ਕਤਲ ਦੇ ਮਾਮਲੇ ’ਚ 4 ਮੁਲਜ਼ਮ ਗਿ੍ਰਫ਼ਤਾਰ

ਜੇਲ੍ਹ ’ਚ ਘੜੀ ਗਈ ਸੀ ਕਤਲ ਦੀ ਸਾਜ਼ਿਸ਼
ਪਟਨਾ, 19 ਅਗਸਤ (ਪੰਜਾਬ ਮੇਲ)- ਬਿਹਾਰ ਦੇ ਅਰਰੀਆ ਜ਼ਿਲ੍ਹੇ ’ਚ ਪੁਲਿਸ ਨੇ ਪੱਤਰਕਾਰ ਵਿਮਲ ਯਾਦ ਦੀ ਹੱਤਿਆ ਦੇ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਅਰਰੀਆ ਪੁਲਿਸ ਦੇ ਸਰਕਾਰੀ ਬੁਲਾਰੇ ਅਨੁਸਾਰ ਮੁਲਜ਼ਮਾਂ ਦੀ ਪਛਾਣ ਵਿਪਿਨ ਯਾਦਵ, ਭਾਵੇਸ਼ ਯਾਦਵ, ਆਸ਼ੀਸ਼ ਯਾਦਵ ਅਤੇ ਉਮੇਸ਼ ਯਾਦਵ ਵਜੋਂ ਹੋਈ ਹੈ। ਭਾਵੇਸ਼ ਅਤੇ ਆਸ਼ੀਸ਼ ਪੀੜਤ ਵਿਮਲ ਯਾਦਵ ਦੇ ਗੁਆਂਢੀ ਸਨ, ਜਿਸ ਨੂੰ ਸ਼ੁੱਕਰਵਾਰ ਸਵੇਰੇ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਮਰਹੂਮ ਪੱਤਰਕਾਰ ਦੇ ਪਿਤਾ ਹਰਿੰਦਰ ਯਾਦਵ ਦੇ ਬਿਆਨਾਂ ’ਤੇ ਗਿ੍ਰਫਤਾਰ ਕੀਤੇ ਚਾਰ ਵਿਅਕਤੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 302, 120ਬੀ ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਗਿ੍ਰਫਤਾਰੀਆਂ ਸ਼ੁੱਕਰਵਾਰ ਰਾਤ ਅਰਰੀਆ ਜ਼ਿਲੇ ਦੇ ਵੱਖ-ਵੱਖ ਸਥਾਨਾਂ ਤੋਂ ਕੀਤੀਆਂ ਗਈਆਂ। ਵਿਮਲ ਯਾਦਵ ’ਤੇ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ, ਜਿਨ੍ਹਾਂ ਵਿਚ ਦੋ ਵਿਅਕਤੀ ਇਸ ਵੇਲੇ ਸੁਪੌਲ ਜੇਲ੍ਹ ਅਤੇ ਅਰਰੀਆ ਜੇਲ੍ਹ ਵਿਚ ਬੰਦ ਹਨ। ਸੂਤਰਾਂ ਨੇ ਦੱਸਿਆ ਹੈ ਕਿ ਇਹ ਸਾਰੀ ਸਾਜ਼ਿਸ਼ ਰੁਪੇਸ਼ ਯਾਦਵ ਨੇ ਸੁਪੌਲ ਜੇਲ੍ਹ ’ਚ ਰਚੀ ਸੀ। ਉਹ ਮਾਰੇ ਗਏ ਪੱਤਰਕਾਰ ਦੇ ਛੋਟੇ ਭਰਾ ਗੱਬੂ ਯਾਦਵ ਦੇ ਕਤਲ ਦਾ ਦੋਸ਼ੀ ਹੈ। ਰੁਪੇਸ਼, ਵਿਮਲ ਨੂੰ ਧਮਕੀ ਦੇ ਰਿਹਾ ਸੀ ਕਿ ਜੇ ਉਸ ਨੇ ਗੱਬੂ ਯਾਦਵ ਦੇ ਕਤਲ ਕੇਸ ਵਿਚ ਗਵਾਹਾਂ ਦੀ ਸੂਚੀ ਵਿੱਚੋਂ ਆਪਣਾ ਨਾਂ ਨਹੀਂ ਹਟਾਇਆ, ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਵਿਮਲ ਆਪਣਾ ਨਾਂ ਵਾਪਸ ਨਾ ਲੈਣ ਦੇ ਆਪਣੇ ਫੈਸਲੇ ’ਤੇ ਕਾਇਮ ਰਿਹਾ। ਪੁਲਿਸ ਮੁਤਾਬਕ ਗਿ੍ਰਫਤਾਰ ਕੀਤੇ ਗਏ ਚਾਰੇ ਮੁਲਜ਼ਮ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਵਿਮਲ ਦੇ ਘਰ ਆਏ ਅਤੇ ਉਸ ਨੂੰ ਉਸ ਦੇ ਛੋਟੇ ਪੱਪੂ ਭਈਆ ਕਹਿ ਕੇ ਬੁਲਾਇਆ, ਜਦੋਂ ਉਹ ਘਰ ਤੋਂ ਬਾਹਰ ਨਿਕਲਿਆ ਤਾਂ ਉਸ ਦੀ ਛਾਤੀ ਦੇ ਸੱਜੇ ਪਾਸੇ ਗੋਲੀ ਲੱਗੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

Leave a comment