– ਰਾਸ਼ਟਰਪਤੀ ਬਸ਼ਰ ਅਸਦ ਮੁਲਕ ਛੱਡ ਕੇ ਭੱਜਿਆ
– ਜੇਲ੍ਹਾਂ ‘ਚੋਂ ਸਾਰੇ ਕੈਦੀ ਰਿਹਾਅ
– ਲੋਕ ਰਾਸ਼ਟਰਪਤੀ ਪੈਲੇਸ ਵਿਚ ਹੋਏ ਦਾਖ਼ਲ
ਦਮੱਸ਼ਕ, 9 ਦਸੰਬਰ (ਪੰਜਾਬ ਮੇਲ)- ਬਾਗ਼ੀਆਂ ਨੇ ਸੀਰੀਆ ਦੀ ਅਸਦ ਸਰਕਾਰ ਦਾ ਤਖ਼ਤਾ ਪਲਟ ਕੇ ਰਾਜਧਾਨੀ ਦਮੱਸ਼ਕ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਸੀਰਿਆਈ ਲੋਕਾਂ ਨੇ ਸੜਕਾਂ ‘ਤੇ ਉੱਤਰ ਕੇ ਅਸਦ ਪਰਿਵਾਰ ਦੇ ਪੰਜ ਦਹਾਕਿਆਂ ਦਾ ਤਾਨਾਸ਼ਾਹੀ ਰਾਜ ਖ਼ਤਮ ਹੋਣ ਦਾ ਜਸ਼ਨ ਮਨਾਇਆ। ਸੂਤਰਾਂ ਮੁਤਾਬਕ President ਬਸ਼ਰ ਅਸਦ ਮੁਲਕ ਛੱਡ ਕੇ ਭੱਜ ਗਏ ਹਨ। ਹਾਲਾਂਕਿ ਰੂਸ, ਜੋ ਸੀਰੀਆ ਦਾ ਨੇੜਲਾ ਭਾਈਵਾਲ ਰਿਹਾ ਹੈ, ਨੇ ਕਿਹਾ ਕਿ ਅਸਦ ਨੇ ਬਾਗ਼ੀ ਸਮੂਹਾਂ ਨਾਲ ਗੱਲਬਾਤ ਤੋਂ ਬਾਅਦ ਹੀ ਮੁਲਕ ਛੱਡਿਆ ਹੈ ਤੇ ਜਾਣ ਤੋਂ ਪਹਿਲਾਂ ਸੱਤਾ ਤਬਦੀਲੀ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਹਨ। ਬਾਗ਼ੀਆਂ ਦੀ ਅਗਵਾਈ ਅਲ-ਕਾਇਦਾ ਦੇ ਸਾਬਕਾ ਕਮਾਂਡਰ ਅਬੂ ਮੁਹੰਮਦ ਅਲ-ਗੋਲਾਨੀ ਹੱਥ ਸੀ। ਗੋਲਾਨੀ ਨੇ ਅਸਦ ਸਰਕਾਰ ਦੇ ਤਖਤਾ ਪਲਟ ਨੂੰ ‘ਇਸਲਾਮਿਕ ਮੁਲਕ ਦੀ ਜਿੱਤ’ ਕਰਾਰ ਦਿੱਤਾ ਹੈ। ਅਸਦ ਰਾਜ ਦਾ ਭੋਗ ਪੈਣਾ ਇਰਾਨ ਤੇ ਇਸ ਦੇ ਭਾਈਵਾਲਾਂ ਲਈ ਵੱਡਾ ਝਟਕਾ ਹੈ।
ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਇਕ ਵੀਡੀਓ ਸੁਨੇਹੇ ‘ਚ ਇਕ ਜਥੇਬੰਦੀ ਦੇ ਮੈਂਬਰਾਂ ਨੇ ਕਿਹਾ ਕਿ ਰਾਸ਼ਟਰਪਤੀ ਬਸ਼ਰ ਅਸਦ ਨੂੰ ਸੱਤਾ ਤੋਂ ਲਾਂਭੇ ਕਰਕੇ ਜੇਲ੍ਹਾਂ ਵਿਚ ਬੰਦ ਸਾਰੇ ਕੈਦੀ ਰਿਹਾਅ ਕਰ ਦਿੱਤੇ ਗਏ ਹਨ। ਟੈਲੀਵਿਜ਼ਨ ‘ਤੇ ਬਿਆਨ ਪੜ੍ਹਨ ਵਾਲੇ ਇਨ੍ਹਾਂ ਵਿਅਕਤੀਆਂ ਨੇ ਕਿਹਾ ਕਿ ਵਿਰੋਧੀ ਧੜਾ, ਜਿਸ ਨੂੰ ਆਪਰੇਸ਼ਨਜ਼ ਰੂਮ ਟੂ ਕੌਂਕਰ ਦਮਸ਼ਕ (ਦਮਸ਼ਕ ਫ਼ਤਹਿ ਕਰਨ ਵਾਲਾ ਅਪਰੇਸ਼ਨਜ਼ ਰੂਮ) ਨੇ ਸਾਰੇ ਬਾਗ਼ੀ ਲੜਾਕਿਆਂ ਤੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ‘ਆਜ਼ਾਦ ਸੀਰਿਆਈ ਮੁਲਕ’ ਦੀਆਂ ਸੰਸਥਾਵਾਂ ਦੀ ਰਾਖੀ ਕਰਨ। ਉਂਝ ਇਹ ਬਿਆਨ ਸੀਰਿਆਈ ਆਪੋਜ਼ੀਸ਼ਨ ਫਾਰ ਮਾਨੀਟਰ ਦੇ ਮੁਖੀ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਕਿਹਾ ਗਿਆ ਸੀ, ਅਸਦ ਮੁਲਕ ਛੱਡ ਕੇ ਕਿਸੇ ਅਣਦੱਸੀ ਥਾਂ ‘ਤੇ ਚਲਾ ਗਿਆ ਹੈ। ਅਸਦ ਨੂੰ ਗੱਦੀਓਂ ਲਾਹੁਣ ਲਈ ਪਿਛਲੇ ਕਰੀਬ 14 ਸਾਲਾਂ ਤੋਂ ਖਾਨਾਜੰਗੀ ਜਾਰੀ ਸੀ ਤੇ ਇਸ ਦੌਰਾਨ ਲੱਖਾਂ ਲੋਕਾਂ ਦੀ ਜਾਨ ਜਾਂਦੀ ਰਹੀ ਅਤੇ 2.3 ਕਰੋੜ ਦੀ ਵਸੋਂ ਵਾਲੇ ਮੁਲਕ ਦੀ ਅੱਧੀ ਆਬਾਦੀ ਘਰੋਂ ਬੇਘਰ ਹੋ ਗਈ।
ਸੀਰਿਆਈ ਲੋਕਾਂ ਨੇ ਸ਼ਹਿਰ ਦੀਆਂ ਮਸਜਿਦਾਂ ਵਿਚ ਜਾ ਕੇ ਦੁਆਵਾਂ ਕੀਤੀਆਂ ਤੇ ‘ਅੱਲ੍ਹਾ ਮਹਾਨ ਹੈ’ ਦੇ ਨਾਅਰਿਆਂ ਨਾਲ ਚੌਕਾਂ ਵਿਚ ਜਸ਼ਨ ਮਨਾਏ। ਲੋਕਾਂ ਨੇ ਅਸਦ ਵਿਰੋਧੀ ਨਾਅਰੇ ਵੀ ਲਾਏ। ਉਧਰ ਬਾਗ਼ੀ ਲੜਾਕੇ ਸਿਟੀ ਸੈਂਟਰ, ਜਿੱਥੇ ਰੱਖਿਆ ਮੰਤਰਾਲੇ ਦਾ ਦਫ਼ਤਰ ਹੈ, ਵਿਚ ਉਮਾਇਦ ਚੌਕ ਵਿਚ ਇਕੱਤਰ ਹੋਏ। ਇਨ੍ਹਾਂ ਲੜਾਕਿਆਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਤੇ ਬਾਗ਼ੀਆਂ ਦਾ ਤਿੰਨ ਤਾਰਿਆਂ ਵਾਲਾ ਸੀਰਿਆਈ ਝੰਡਾ ਲਹਿਰਾਇਆ। ਸੀਰਿਆਈ ਲੋਕ ਰਾਸ਼ਟਰਪਤੀ ਪੈਲੇਸ ਵਿਚ ਦਾਖ਼ਲ ਹੋ ਗਏ ਤੇ ਉਨ੍ਹਾਂ ਰਾਸ਼ਟਰਪਤੀ ਅਸਦ ਦੀਆਂ ਤਸਵੀਰਾਂ ਪਾੜ ਸੁੱਟੀਆਂ। ਸਲਾਮਤੀ ਦਸਤੇ ਤੇ ਪੁਲਿਸ ਅਧਿਕਾਰੀ ਵੀ ਆਪਣੀਆਂ ਪੋਸਟਾਂ ਛੱਡ ਕੇ ਭੱਜ ਗਏ। ਇਕ ਵੀਡੀਓ ‘ਚ ਰਾਸ਼ਟਰਪਤੀ ਪੈਲੇਸ ਵਿਚ ਦਾਖ਼ਲ ਹੋਏ ਲੋਕ ਉਥੋਂ ਚੀਜ਼ਾਂ ਚੁੱਕ ਕੇ ਭੱਜਦੇ ਨਜ਼ਰ ਆਏ।
ਸੀਰੀਆ ਦੇ ਪ੍ਰਧਾਨ ਮੰਤਰੀ ਮੁਹੰਮਦ ਗਾਜ਼ੀ ਜਲਾਲੀ ਨੇ ਇਕ ਵੀਡੀਓ ਬਿਆਨ ‘ਚ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਹਰ ਸੰਭਵ ਸਹਿਯੋਗ ਦੇਣ ਤੇ ਸੱਤਾ ਦੇ ਤਬਾਦਲੇ ਲਈ ਤਿਆਰ ਹਨ। ਉਂਝ ਜਲਾਲੀ ਨੇ ਸਾਊਦੀ ਟੈਲੀਵਿਜ਼ਨ ਨੈੱਟਵਰਕ ਅਲ ਅਰੈਬੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਸਦ ਤੇ ਰੱਖਿਆ ਮੰਤਰੀ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮਨੁੱਖੀ ਹੱਕਾਂ ਬਾਰੇ ਸੀਰਿਆਈ ਨਿਗਰਾਨ ਰਾਮੀ ਅਬਦੁਰ ਰਹਿਮਾਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਸਦ ਨੇ ਐਤਵਾਰ ਨੂੰ ਦਮਸ਼ਕ ਤੋਂ ਉਡਾਣ ਲਈ ਸੀ।