#AMERICA

ਬਾਈਡਨ ਤੇ ਹੈਰਿਸ ਵੱਲੋਂ 2024 ਦੇ ਚੋਣ ਪ੍ਰਚਾਰ ਲਈ ਦਾਨੀ ਸੱਜਣਾਂ ਨਾਲ ਮੁਲਾਕਾਤ

ਵਾਸ਼ਿੰਗਟਨ, 1 ਮਈ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਹਫ਼ਤੇ ਦੇ ਅੰਤ ਵਿੱਚ ਚੋਟੀ ਦੇ 150 ਦਾਨੀ ਸੱਜਣਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿੱਚ ਇਕ ਭਾਰਤੀ-ਅਮਰੀਕੀ ਕਾਰੋਬਾਰੀ ਵੀ ਸ਼ਾਮਲ ਹੈ। ਦੋਹਾਂ ਆਗੂਆਂ ਨੇ ਇਹ ਮੁਲਾਕਾਤ 2024 ਦੀ ਚੋਣ ਪ੍ਰਚਾਰ ਮੁਹਿੰਮ ਲਈ ਧਨ ਇਕੱਠਾ ਕਰਨ ਦੀ ਸਫ਼ਲ ਰਣਨੀਤੀ ਵਿਕਸਤ ਕਰਨ ਦੇ ਉਦੇਸ਼ ਨਾਲ ਕੀਤੀ। ਇਹ ਜਾਣਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਵਿਅਕਤੀਆਂ ਨੇ ਦਿੱਤੀ। ਇਸ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ‘‘ਐੱਮਏਜੀਏ (ਮੇਕ ਅਮਰੀਕਾ ਗਰੇਟ ਅਗੇਨ) ਰਿਪਬਲੀਕਨ’ ਨੂੰ ਲੰਬੇ ਹੱਥੀਂ ਲੈਂਦੇ ਹੋਏ ਬਾਇਡਨ ਨੇ ਗਰਭਪਾਤ ਦੇ ਅਧਿਕਾਰਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾਨੀ ਸੱਜਣਾਂ ਦੀ ਅਹਿਮੀਅਤ ਤੇ ਲੋਕਤੰਤਰ ਨੂੰ ਬਚਾਉਣ ਵਿੱਚ ਉਨ੍ਹਾਂ ਦੇ ਯੋਗਦਾਨ ’ਤੇ ਵੀ ਚਾਨਣਾ ਪਾਇਆ। ਮੀਟਿੰਗ ’ਚ ਸ਼ਾਮਲ ਵਿਅਕਤੀਆਂ ਨੇ ਕਿਹਾ ਕਿ ਹਾਲਾਂਕਿ ਇਹ ਪ੍ਰੋਗਰਾਮ ਧਨ ਇਕੱਠਾ ਕਰਨ ਲਈ ਨਹੀਂ ਸੀ, ਪਰ ਇਹ ਨਵੇਂ ਦਾਨੀਆਂ ਨੂੰ ਆਪਣੇ ਵੱਲ ਕਰਨ ਦੀ ਇਕ ਨਵੀਂ ਕੋਸ਼ਿਸ਼ ਸੀ। ਭਾਰਤੀ ਮੂਲ ਦੇ ਅਮਰੀਕੀ ਅਤੇ ਡੈਮੋਕਰੈਟਿਕ ਪਾਰਟੀ ਦੇ ਉਪ ਕੌਮੀ ਵਿੱਤੀ ਚੇਅਰਮੈਨ ਅਜੈ ਜੈਨ ਭੁਟੋਰੀਆ ਵਾਸ਼ਿੰਗਟਨ ਡੀਸੀ ਵਿੱਚ ਮੀਟਿੰਗ ’ਚ ਹਿੱਸਾ ਲੈਣ ਵਾਲੇ 150 ਪ੍ਰਮੁੱਖ ਡੈਮੋਕਰੈਟਿਕ ਦਾਨੀਆਂ ’ਚੋਂ ਇਕ ਸਨ। ਸਮਝਿਆ ਜਾਂਦਾ ਹੈ ਕਿ ਮੁਹਿੰਮ ਨੇ 2024 ਦੀ ਚੋਣ ਮੁਹਿੰਮ ਲਈ 2 ਅਰਬ ਅਮਰੀਕੀ ਡਾਲਰ ਇਕੱਤਰ ਕਰਨ ਦਾ ਟੀਚਾ ਰੱਖਿਆ ਹੈ। ਉਪ ਰਾਸ਼ਟਰਪਤੀ ਹੈਰਿਸ ਨੇ ਸਾਰੇ ਦਾਨੀਆਂ ਨਾਲ ਨਿੱਜੀ ਤੌਰ ’ਤੇ ਇਕ-ਇਕ ਕਰ ਕੇ ਗੱਲ ਕੀਤੀ।

Leave a comment