ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਡਿਪਲੋਮੈਟ ਕਮਲਾ ਸ਼ਿਰੀਨ ਲਖਧੀਰ ਨੂੰ ਇੰਡੋਨੇਸ਼ੀਆ ‘ਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਲਖਧੀਰ ਹਾਲ ਹੀ ਵਿਚ ਵਿਦੇਸ਼ ਵਿਭਾਗ ਦੀ ਕਾਰਜਕਾਰੀ ਸਕੱਤਰ ਸੀ। ਉਹ ਕਰੀਬ 30 ਸਾਲਾਂ ਤੋਂ ਵਿਦੇਸ਼ ਵਿਭਾਗ ਵਿਚ ਸੇਵਾ ਨਿਭਾਅ ਚੁੱਕੀ ਹੈ। ਲਖਧੀਰ ਦੇ ਪਿਤਾ ਨੂਰ, 1940 ਦੇ ਦਹਾਕੇ ਵਿਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਚ ਪੜ੍ਹਨ ਲਈ ਮੁੰਬਈ ਤੋਂ ਅਮਰੀਕਾ ਆਏ ਸਨ।
ਇਸ ਤੋਂ ਪਹਿਲਾਂ, ਲਖਧੀਰ ਨੇ 2009 ਤੋਂ 2011 ਤੱਕ ਉੱਤਰੀ ਆਇਰਲੈਂਡ ਦੇ ਬੇਲਫਾਸਟ ਵਿਚ ਯੂ.ਐੱਸ. ਕੌਂਸਲ ਜਨਰਲ ਅਤੇ 2017 ਤੋਂ 2021 ਤੱਕ ਮਲੇਸ਼ੀਆ ਵਿਚ ਰਾਜਦੂਤ ਵਜੋਂ ਸੇਵਾਵਾਂ ਦਿੱਤੀਆਂ ਹਨ। ਉਹ 1991 ਵਿਚ ਵਿਦੇਸ਼ ਸੇਵਾ ਵਿਚ ਸ਼ਾਮਲ ਹੋਈ ਸੀ ਅਤੇ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆਈ ਮਾਮਲਿਆਂ ਦੇ ਦਫ਼ਤਰ ਦੀ ਡਾਇਰੈਕਟਰ ਵਜੋਂ ਸੇਵਾ ਕੀਤੀ, ਜਿਸ ਵਿਚ ਇੰਡੋਨੇਸ਼ੀਆ ਨਾਲ ਅਮਰੀਕਾ ਦੇ ਸਬੰਧਾਂ ਦੀ ਜ਼ਿੰਮੇਵਾਰੀ ਵੀ ਸ਼ਾਮਲ ਸੀ। ਬਿਆਨ ਦੇ ਅਨੁਸਾਰ, ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਹ ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਬਿਊਰੋ ਵਿਚ ਤਾਈਵਾਨ ਕੋਆਰਡੀਨੇਸ਼ਨ ਸਟਾਫ ਦੀ ਡਿਪਟੀ ਕੋਆਰਡੀਨੇਟਰ ਸੀ।
ਇਸ ਤੋਂ ਇਲਾਵਾ ਉਹ ਚੀਨ, ਇੰਡੋਨੇਸ਼ੀਆ ਅਤੇ ਸਾਊਦੀ ਅਰਬ ਵਿਚ ਵੀ ਸੇਵਾਵਾਂ ਦੇ ਚੁੱਕੀ ਹੈ। ਨੈਸ਼ਨਲ ਮਿਊਜ਼ੀਅਮ ਆਫ਼ ਅਮੈਰੀਕਨ ਡਿਪਲੋਮੇਸੀ ਵਿਚ ਪ੍ਰਕਾਸ਼ਿਤ ਇੱਕ ਇੰਟਰਵਿਊ ਵਿਚ, ਲਖਧੀਰ ਨੇ ਕਿਹਾ ਸੀ ਕਿ ਉਹ ਵੈਸਟਪੋਰਟ, ਕਨੈਕਟੀਕਟ ਵਿਚ ਵੱਡੀ ਹੋਈ ਸੀ ਅਤੇ ਆਪਣੇ ਮਾਤਾ-ਪਿਤਾ ਕਾਰਨ ਅੰਤਰਰਾਸ਼ਟਰੀ ਕਰੀਅਰ ਬਣਾਉਣ ਲਈ ਪ੍ਰੇਰਿਤ ਹੋਈ। 1986 ਵਿਚ ਹਾਰਵਰਡ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਨ੍ਹਾਂ ਨੇ 2 ਸਾਲ ਚੀਨ ਵਿਚ ਪੜ੍ਹਾਇਆ।
ਬਾਇਡਨ ਵੱਲੋਂ ਭਾਰਤੀ-ਅਮਰੀਕੀ ਡਿਪਲੋਮੈਟ ਇੰਡੋਨੇਸ਼ੀਆ ‘ਚ ਅਮਰੀਕੀ ਰਾਜਦੂਤ ਨਿਯੁਕਤ
