#AMERICA

ਬਾਇਡਨ ਪ੍ਰਸ਼ਾਸਨ ਇਜ਼ਰਾਈਲੀ ਨਾਗਰਿਕਾਂ ਨੂੰ ਦੇਵੇਗਾ ਬਿਨਾਂ ਵੀਜ਼ੇ ਦੇ ਅਮਰੀਕਾ ਯਾਤਰਾ ਦੀ ਇਜਾਜ਼ਤ

ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਇਸ ਹਫ਼ਤੇ ਇਜ਼ਰਾਈਲ ਨੂੰ ਇਕ ‘ਵਿਸ਼ੇਸ਼ ਕਲੱਬ’ ਵਿਚ ਸ਼ਾਮਲ ਕਰਨ ਲਈ ਤਿਆਰ ਹੈ, ਜਿਸ ਦੇ ਤਹਿਤ ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਛੋਟ ਪ੍ਰੋਗਰਾਮ ਵਿਚ ਇਜ਼ਰਾਈਲ ਨੂੰ ਸ਼ਾਮਲ ਕਰਨ ਦੀ ਘੋਸ਼ਣਾ ਇਸ ਹਫ਼ਤੇ ਦੇ ਅੰਤ ਵਿਚ ਕਰਨ ਦੀ ਯੋਜਨਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਇਸ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ, ਜੋ ਵਰਤਮਾਨ ਵਿਚ 40 ਦੇਸ਼ਾਂ (ਜ਼ਿਆਦਾਤਰ ਯੂਰਪੀਅਨ ਅਤੇ ਏਸ਼ੀਆਈ ਦੇਸ਼ ਸ਼ਾਮਲ ਹਨ) ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ 3 ਮਹੀਨਿਆਂ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 5 ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਦੇ ਮੰਤਰੀ ਅਲੇਜਾਂਦਰੋ ਮਯੋਰਕਾਸ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ‘ਚ ਸ਼ਾਮਲ ਕਰਨ ਦੇ ਸਬੰਧ ‘ਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੋਂ ਹਰੀ ਝੰਡੀ ਮਿਲਣ ਤੋਂ ਵੀਰਵਾਰ ਨੂੰ ਇਸ ਬਾਰੇ ਐਲਾਨ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਬਲਿੰਕਨ ਮੰਗਲਵਾਰ ਤੱਕ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ਵਿਚ ਸ਼ਾਮਲ ਕਰਨ ਦੀ ਸਿਫਾਰਸ਼ ਕਰ ਸਕਦੇ ਹਨ।

Leave a comment