#AMERICA

ਬਾਇਡਨ ਨੇ ਜੀ-20 ਸੰਮੇਲਨ ‘ਚ ਜਿਨਪਿੰਗ ਦੇ ਹਿੱਸਾ ਲੈਣ ਦੀ ਆਸ ਜਤਾਈ

ਵਾਸ਼ਿੰਗਟਨ, 2 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਸ ਜਤਾਈ ਹੈ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦਿੱਲੀ ‘ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਚ ਜ਼ਰੂਰ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ‘ਚ ਅਗਲੇ ਹਫ਼ਤੇ ਦਿੱਲੀ ‘ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਚ ਬਾਇਡਨ ਸਮੇਤ ਦੋ ਦਰਜਨ ਤੋਂ ਵੱਧ ਆਲਮੀ ਆਗੂ ਇਸ ‘ਚ ਹਾਜ਼ਰੀ ਭਰਨਗੇ। ਕੁਝ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸੇ ਸੰਭਾਵਨਾ ਨੂੰ ਲੈ ਕੇ ਜਦੋਂ ਬਾਇਡਨ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾਂ ਆਸ ਜਤਾਈ ਕਿ ਜਿਨਪਿੰਗ ਜੀ-20 ਸੰਮੇਲਨ ‘ਚ ਹਿੱਸਾ ਲੈਣਗੇ। ਉਧਰ ਏਸ਼ੀਆ ਸੁਸਾਇਟੀ ਪਾਲਿਸੀ ਇੰਸਟੀਚਿਊਟ ‘ਚ ਦੱਖਣੀ ਏਸ਼ੀਆ ਨਾਲ ਸਬੰਧਤ ਵਿਭਾਗ ਦੀ ਡਾਇਰੈਕਟਰ ਫਰਵਾ ਆਮੇਰ ਨੇ ਕਿਹਾ ਕਿ ਸ਼ੀ ਜਿਨਪਿੰਗ ਦੇ ਭਾਰਤ ‘ਚ ਜੀ-20 ਸਿਖਰ ਸੰਮੇਲਨ ਤੋਂ ਦੂਰੀ ਬਣਾਉਣ ਦਾ ਮਕਸਦ ਭਾਰਤ ਦਾ ਵਧ ਰਿਹਾ ਆਲਮੀ ਕੱਦ ਵੀ ਹੋ ਸਕਦਾ ਹੈ ਕਿਉਂਕਿ ਉਹ ਖ਼ਿੱਤੇ ‘ਚ ਕਿਸੇ ਹੋਰ ਮੁਲਕ ਨੂੰ ਤਾਕਤਵਰ ਹੁੰਦਾ ਨਹੀਂ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਫ਼ੌਜ ਪਿੱਛੇ ਹਟਾਉਣ ਲਈ ਗੱਲਬਾਤ ਜਾਰੀ ਹੈ ਪਰ ਚੀਨ ਵੱਲੋਂ ਭਾਰਤੀ ਇਲਾਕਿਆਂ ਨੂੰ ਆਪਣੇ ਨਕਸ਼ੇ ‘ਚ ਦਿਖਾਉਣ ਨਾਲ ਦੋਵੇਂ ਮੁਲਕਾਂ ਵਿਚਕਾਰ ਤਣਾਅ ਹੋਰ ਵਧ ਗਿਆ ਹੈ।
ਜੀ-20 ਮੁਲਕਾਂ ਦੇ ਸਪੀਕਰਾਂ ਦੀ ਮੀਟਿੰਗ 12 ਅਕਤੂਬਰ ਤੋਂ
ਨਵੀਂ ਦਿੱਲੀ : ਭਾਰਤ ਵੱਲੋਂ ਜੀ-20 ਮੁਲਕਾਂ ਦੀਆਂ ਸੰਸਦਾਂ ਦੇ ਸਪੀਕਰਾਂ ਦੀ ਅਗਲੇ ਮਹੀਨੇ 12 ਤੋਂ 14 ਅਕਤੂਬਰ ਤੱਕ ਮੇਜ਼ਬਾਨੀ ਕੀਤੀ ਜਾਵੇਗੀ। ਸੰਸਦ ਭਵਨ ਦੀ ਨਵੀਂ ਇਮਾਰਤ ‘ਚ ਹੋਣ ਵਾਲੀ ਮੀਟਿੰਗ ਦੌਰਾਨ ਕੌਮਾਂਤਰੀ ਵਚਨਬੱਧਤਾਵਾਂ ਲਈ ਸਿਆਸੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੀ-20 ਇੰਡੀਆ ਦੇ ਵਿਸ਼ੇਸ਼ ਸਕੱਤਰ ਮੁਕਤੇਸ਼ ਪਰਦੇਸੀ ਨੇ ਕਿਹਾ ਕਿ ਪੀ-20 ਮੀਟਿੰਗ ‘ਚ ਜੀ-20 ਮੁਲਕਾਂ ਦੇ ਪ੍ਰੀਜ਼ਾਇਡਿੰਗ ਅਫ਼ਸਰ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਭਾਰਤ ਨੂੰ ਲੋਕਤੰਤਰ ਦੀ ਜਨਨੀ ਵਜੋਂ ਦਰਸਾਉਂਦੀ ਇਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਪਰਦੇਸੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੀਟਿੰਗ ਸੰਸਦ ਦੀ ਨਵੀਂ ਇਮਾਰਤ ‘ਚ ਹੋਵੇਗੀ।

Leave a comment