#AMERICA

ਬਾਇਡਨ ਦੀ ਘਰੇਲੂ ਨੀਤੀ ਬਾਰੇ ਸਲਾਹਕਾਰ ਹੋਵੇਗੀ ਭਾਰਤੀ-ਅਮਰੀਕੀ ਨੀਰਾ ਟੰਡਨ

ਵਾਸ਼ਿੰਗਟਨ, 8 ਮਈ (ਪੰਜਾਬ ਮੇਲ)-ਭਾਰਤੀ-ਅਮਰੀਕੀ ਲੋਕ ਨੀਤੀ ਮਾਹਿਰ ਨੀਰਾ ਟੰਡਨ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਘਰੇਲੂ ਨੀਤੀ ਲਈ ਆਪਣੀ ਸਲਾਹਕਾਰ ਨਿਯੁਕਤ ਕੀਤਾ ਹੈ। ਨੀਰਾ ਘਰੇਲੂ ਨੀਤੀ ਦਾ ਏਜੰਡਾ ਬਣਾਉਣ ਤੇ ਲਾਗੂ ਕਰਨ ਵਿਚ ਬਾਇਡਨ ਦੀ ਮਦਦ ਕਰੇਗੀ। ਇਹ ਇਤਿਹਾਸਕ ਪ੍ਰਾਪਤੀ ਹੈ ਕਿਉਂਕਿ ਨੀਰਾ ਵਾਈਟ ਹਾਊਸ ਦੀਆਂ ਤਿੰਨ ਪਾਲਿਸੀ ਕੌਂਸਲਾਂ ਵਿਚੋਂ ਕਿਸੇ ਇਕ ਦੀ ਅਗਵਾਈ ਕਰਨ ਵਾਲੀ ਪਹਿਲੀ ਏਸ਼ਿਆਈ ਤੇ ਅਮਰੀਕੀ ਸ਼ਖ਼ਸੀਅਤ ਹੋਵੇਗੀ। ਟੰਡਨ (52) ਸੂਜ਼ਨ ਰਾਈਸ ਦੀ ਥਾਂ ਲਏਗੀ। ਬਾਇਡਨ ਨੇ ਕਿਹਾ ਕਿ ਨੀਰਾ ਘਰੇਲੂ ਪੱਧਰ ਉਤੇ ਆਰਥਿਕ ਗਤੀਵਿਧੀ ਤੋਂ ਲੈ ਕੇ ਨਸਲੀ ਬਰਾਬਰੀ, ਸਿਹਤ ਸੰਭਾਲ, ਆਵਾਸ ਤੇ ਸਿੱਖਿਆ ਦੇ ਮੁੱਦੇ ਦੇਖੇਗੀ। ਜ਼ਿਕਰਯੋਗ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਮੁੱਦਿਆਂ ‘ਤੇ ਵੰਡੀ ਹੋਈ ਕਾਂਗਰਸ ਵਿਚ ਬਾਇਡਨ ਨੂੰ ਆਪਣੇ ਘਰੇਲੂ ਏਜੰਡੇ ‘ਤੇ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਇਡਨ ਨੇ ਕਿਹਾ ਕਿ ਸੀਨੀਅਰ ਸਲਾਹਕਾਰ ਤੇ ਸਟਾਫ਼ ਸਕੱਤਰ ਵਜੋਂ ਨੀਰਾ ਫ਼ੈਸਲੇ ਲੈਣ ਵਿਚ ਮਦਦ ਕਰੇਗੀ। ਇਹ ਫ਼ੈਸਲੇ ਰਾਸ਼ਟਰਪਤੀ ਨਾਲ ਸਬੰਧਤ ਵੱਖ-ਵੱਖ ਟੀਮਾਂ ਤਾਲਮੇਲ ਕਰ ਕੇ ਲੈਣਗੀਆਂ। ਬਾਇਡਨ ਨੇ ਕਿਹਾ ਕਿ ਨੀਰਾ ਕੋਲ ‘ਪਬਲਿਕ ਪਾਲਿਸੀ’ ਵਿਚ 25 ਸਾਲਾਂ ਦਾ ਤਜ਼ਰਬਾ ਹੈ ਤੇ ਉਹ ਤਿੰੰਨ ਰਾਸ਼ਟਰਪਤੀਆਂ ਨਾਲ ਕੰਮ ਕਰ ਚੁੱਕੀ ਹੈ। ਨੀਰਾ ਨੇ ਕਰੀਬ ਦਹਾਕਾ ਲੋਕ ਨੀਤੀ ਨਾਲ ਜੁੜੀਆਂ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਇਕਾਈਆਂ ਨਾਲ ਵੀ ਕੰਮ ਕੀਤਾ ਹੈ। ਟੰਡਨ ਡੈਮੋਕਰੈਟ ਹੈ ਤੇ ਓਬਾਮਾ ਅਤੇ ਕਲਿੰਟਨ ਪ੍ਰਸ਼ਾਸਨ ਨਾਲ ਕੰਮ ਕਰ ਚੁੱਕੀ ਹੈ।

Leave a comment