#PUNJAB

ਬਹਿਬਲਕਲਾਂ ਗੋਲੀਕਾਂਡ; ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਮੰਗਿਆ ਹੋਰ ਸਮਾਂ

– ਹੁਣ 21 ਨੂੰ ਅਗਲੀ ਸੁਣਵਾਈ
– ਗਵਾਹਾਂ ਨੇ ਲਗਾਇਆ ਸਾਜਿਸ਼ ਦਾ ਇਲਜ਼ਾਮ
ਫਰੀਦਕੋਟ, 4 ਜੁਲਾਈ (ਪੰਜਾਬ ਮੇਲ)- ਪਿਛਲੇ ਦਿਨੀਂ ਬਹਿਬਲਕਲਾਂ ਗੋਲੀਕਾਂਡ ਦੇ ਕਰੀਬ 7 ਅਹਿਮ ਗਵਾਹਾਂ ਨੇ ਮਾਨਯੋਗ ਅਦਾਲਤ ਵਿਚ ਅਰਜੀ ਦਾਖਲ ਕਰ ਉਨ੍ਹਾਂ ਦੇ ਬਿਆਨ ਮੁੜ ਤੋਂ ਦਰਜ ਕਰਵਾਏ ਜਾਣ ਦੀ ਮੰਗ ਕਰਦਿਆਂ ਪਹਿਲਾਂ ਦਰਜ ਹੋਏ ਬਿਆਨਾਂ ਨਾਲ ਕਥਿਤ ਛੇੜ-ਛਾੜ ਕੀਤੇ ਜਾਣ ਦੀ ਗੱਲ ਕਹੀ ਸੀ, ਜਿਸ ‘ਤੇ ਅਦਾਲਤ ਵੱਲੋਂ ਸੋਮਵਾਰ ਨੂੰ ਐੱਸ.ਐੱਚ.ਓ. ਥਾਣਾ ਬਾਜਾਖਾਨਾ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ ਪਰ ਇਸ ਮਾਮਲੇ ਵਿਚ ਸੁਣਵਾਈ ਦੌਰਾਨ ਅਗਲੀ ਤਾਰੀਖ 21 ਜੁਲਾਈ ਰੱਖੀ ਗਈ ਹੈ।
ਜਾਣਕਾਰੀ ਅਨੁਸਾਰ ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ ਕਰੀਬ 7 ਗਵਾਹਾਂ ਨੇ ਫਰੀਦਕੋਟ ਅਦਾਲਤ ਵਿਚ ਅਰਜੀ ਦਾਖਲ ਕਰ ਕੇ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਬਿਆਨ ਵਿਸ਼ੇਸ਼ ਜਾਂਚ ਟੀਮ ਦੁਬਾਰਾ ਦਰਜ ਕਰੇ ਕਿਉਂਕਿ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਦੇ ਬਿਆਨਾਂ ਨਾਲ ਕਥਿਤ ਛੇੜਛਾੜ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਨਵੀਂ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਵੀ ਹਾਲੇ ਤੱਕ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ। ਅਜਿਹੇ ਵਿਚ ਉਨ੍ਹਾਂ ਨੂੰ ਇਨਸਾਫ ਦੀ ਆਸ ਨਹੀਂ, ਜਿਸ ‘ਤੇ ਅਦਾਲਤ ਨੇ ਸੁਣਵਾਈ ਲਈ 3 ਜੁਲਾਈ ਦਾ ਸਮਾਂ ਰੱਖਿਆ ਸੀ।
ਕੋਰਟ ਨੇ ਥਾਣਾ ਬਾਜਾਖਾਨਾ ਦੇ ਐੱਸ.ਐੱਚ.ਓ. ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ ਪਰ ਸੋਮਵਾਰ ਨੂੰ ਪਤਾ ਚੱਲਿਆ ਕਿ ਅਦਾਲਤ ਵਿਚ ਸੁਣਵਾਈ ਦੌਰਾਨ ਨਾ ਤਾਂ ਵਿਸ਼ੇਸ਼ ਜਾਂਚ ਟੀਮ ਪ੍ਰਮੁੱਖ ਪੇਸ਼ ਹੋਏ ਅਤੇ ਨਾ ਹੀ ਥਾਣਾ ਬਾਜਾਖਾਨਾ ਦੇ ਐੱਸ.ਐੱਚ.ਓ. ਵੱਲੋਂ ਕੋਈ ਰਿਪੋਰਟ ਦਾਖਲ ਕੀਤੀ ਗਈ। ਵਿਸ਼ੇਸ਼  ਜਾਂਚ ਟੀਮ ਵੱਲੋਂ ਸਰਕਾਰੀ ਵਕੀਲ ਰਾਹੀਂ ਆਪਣਾ ਜਵਾਬ ਦਾਖਲ ਕਰਨ ਲਈ ਅਦਾਲਤ ਕੋਲੋਂ ਸਮੇਂ ਦੀ ਮੰਗ ਕੀਤੀ ਗਈ ਹੈ, ਜਿਸ ‘ਤੇ ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ 21 ਜੁਲਾਈ ਨੂੰ ਰੱਖੀ ਹੈ ਅਤੇ ਉਸੇ ਦਿਨ ਹੁਣ ਗਵਾਹਾਂ ਦੀ ਮੰਗ ਬਾਰੇ ਕੋਈ ਫੈਸਲਾ ਆਉਣ ਦੇ ਵੀ ਆਸਾਰ ਹਨ।
ਦੂਜੇ ਪਾਸੇ ਗਵਾਹਾਂ ਦੀ ਮੰਗ ਦੀ ਜੇਕਰ ਗੱਲ ਕਰੀਏ, ਤਾਂ ਬਹਿਬਲਕਲਾਂ ਗੋਲੀਕਾਂਡ ਦੇ ਕਰੀਬ 7 ਗਵਾਹਾਂ ਫਰੀਦਕੋਟ ਅਦਾਲਤ ‘ਚ ਪਿਛਲੇ ਦਿਨੀਂ ਇਕ ਅਰਜੀ ਦਾਖਲ ਕੀਤੀ ਸੀ। ਗਵਾਹਾਂ ਦਾ ਕਹਿਣਾ ਕਿ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਗੋਲੀਕਾਂਡ ਦੇ ਦੋਸ਼ੀਆਂ ਵਿਚੋਂ ਹੀ ਪ੍ਰਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ, ਜੋ ਉਸ ਵਕਤ ਮੋਗਾ ਦੇ ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾਂ ਦਾ ਰੀਡਰ ਸੀ ਅਤੇ ਬਹਿਬਲਕਲਾਂ ਵਿਖੇ ਰੋਸ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਆਏ ਚਰਨਜੀਤ ਸਿੰਘ ਸ਼ਰਮਾ ਦੇ ਨਾਲ ਆਏ ਸਨ।
ਗਵਾਹਾਂ ਦਾ ਕਹਿਣਾ ਹੈ ਕਿ ਐੱਸ.ਆਈ.ਟੀ. ਨੇ ਉਨ੍ਹਾਂ ਪੁਲਿਸ ਅਫਸਰਾਂ ਦੇ ਨਾਮ ਵੀ ਬਿਆਨਾਂ ਵਿਚ ਲਿਖੇ ਹਨ, ਜੋ ਉਸ ਵਕਤ ਮੌਕੇ ‘ਤੇ ਮੌਜੂਦ ਨਹੀਂ ਸਨ, ਜਿਨ੍ਹਾਂ ਵਿਚ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਐੱਸ.ਐੱਚ.ਓ. ਗੁਰਦੀਪ ਸਿੰਘ ਪੰਧੇਰ ਵਰਗੇ ਕਈ ਨਾਮ ਅਹਿਮ ਹਨ, ਜੋ ਕੋਟਕਪੂਰਾ ਵਿਖੇ ਤਾਂ ਮੌਜੂਦ ਸਨ ਪਰ ਬਹਿਬਲਕਲਾਂ ਵਿਖੇ ਮੌਜੂਦ ਨਹੀਂ ਸਨ। ਗਵਾਹਾਂ ਦਾ ਕਹਿਣਾ ਹੈ ਕਿ ਇਹ ਸਭ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਹੋਇਆ ਹੈ। ਇਸੇ ਲਈ ਉਨ੍ਹਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਅਦਾਲਤ ਤੋਂ ਇਨਸਾਫ ਜ਼ਰੂਰ ਮਿਲੇਗਾ।
ਜ਼ਿਕਰਯੋਗ ਹੈ ਕਿ ਬਹਿਬਲਕਲਾਂ ਗੋਲੀਕਾਂਡ 14 ਅਕਤੂਬਰ 2015 ਨੂੰ ਪਹਿਲਾਂ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿਚ ਅਤੇ ਫਿਰ ਬਹਿਬਲਕਲਾਂ ਵਿਖੇ ਨੈਸ਼ਨਲ ਹਾਈਵੇ 54 ‘ਤੇ ਵਾਪਰਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਈ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਟੀਮਾਂ ਬਣਨ ਦੇ ਬਾਵਜੂਦ ਇਨ੍ਹਾਂ ਮਾਮਲਿਆ ‘ਚ ਹਾਲੇ ਤੱਕ ਕੋਈ ਵੀ ਵੱਡੀ ਪ੍ਰਾਪਤੀ ਨਜ਼ਰ ਨਹੀਂ ਆ ਰਹੀ ਹੈ।

Leave a comment