ਫ਼ਰੀਦਕੋਟ, 18 ਅਗਸਤ (ਪੰਜਾਬ ਮੇਲ)- ਬਹਬਿਲ ਗੋਲੀ ਕਾਂਡ ਦੇ ਪੀੜਤਾਂ ਨੇ ਇੱਥੇ ਦੋਸ਼ ਲਾਇਆ ਕਿ ਸਾਬਕਾ ਜਾਂਚ ਅਧਿਕਾਰੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪ੍ਰਭਾਵਸ਼ਾਲੀ ਮੁਲਜ਼ਮਾਂ ਖ਼ਿਲਾਫ਼ ਜਾਣਬੁੱਝ ਕੇ ਅਦਾਲਤ ’ਚ ਚਲਾਨ ਪੇਸ਼ ਨਹੀਂ ਕੀਤਾ। ਬਹਬਿਲ ਗੋਲੀ ਕਾਂਡ ਦੇ ਪੀੜਤ ਮਹਿੰਦਰ ਸਿੰਘ ਅਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਜਾਂਚ ਅਧਿਕਾਰੀ ’ਤੇ ਗਵਾਹਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਲਿਖਣ ਦੇ ਦੋਸ਼ਾਂ ਤਹਿਤ ਇਥੇ ਮੈਜਿਸਟਰੇਟ ਦੀ ਅਦਾਲਤ ’ਚ ਅਰਜ਼ੀ ਦਿੱਤੀ ਹੋਈ ਹੈ। ਇਸ ਅਰਜ਼ੀ ’ਤੇ ਪੀੜਤ ਧਿਰ, ਸਰਕਾਰੀ ਅਤੇ ਜਾਂਚ ਅਧਿਕਾਰੀ ਦੀ ਬਹਿਸ ਹੋਈ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਕਰੇਗੀ। ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਵਲੋਂ ਸਹੀ ਪੜਤਾਲ ਨਹੀਂ ਕੀਤੀ ਗਈ ਕਿਉਂਕਿ ਕੁਝ ਅਜਿਹੇ ਵਿਅਕਤੀਆਂ ਦੇ ਬਿਆਨ ਲਿਖੇ ਗਏ ਹਨ ਜੋ ਘਟਨਾ ਸਮੇਂ ਹਾਜ਼ਰ ਨਹੀਂ ਸਨ ਅਤੇ ਕੁਝ ਗਵਾਹਾਂ ਨੂੰ ਜਾਤੀ ਰੰਜ਼ਿਸ਼ ਤਹਿਤ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੀੜਤਾਂ ਨੇ ਸਵਾਲ ਕੀਤਾ ਕਿ ਜੇਕਰ ਜਾਂਚ ਅਧਿਕਾਰੀ ਕੋਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਪੁਖਤਾ ਸਬੂਤ ਸਨ ਤੇ ਅਦਾਲਤ ’ਚ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ। ਪੀੜਤ ਧਿਰ ਨੇ ਐਲਾਨ ਕੀਤਾ ਕਿ ਜੇਕਰ ਬਹਬਿਲ ਗੋਲੀ ਕਾਂਡ ਦਾ ਅੰਤਿਮ ਚਲਾਨ ਜਲਦ ਪੇਸ਼ ਨਾ ਕੀਤਾ ਗਿਆ ਤਾਂ ਉਹ ਪਿੰਡ ਬਹਬਿਲ ਕਲਾਂ ਵਿੱਚ ਮੁੜ ਵੱਡਾ ਇਕੱਠ ਰੱਖਣਗੇ। ਹਾਲਾਂ ਕਿ ਕੁੰਵਰ ਵਿਜੈ ਪ੍ਰਤਾਪ ਇਨ੍ਹਾਂ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ।