#CANADA

ਬਲੌਗਰ ਨੇ ਕੈਨੇਡਾ ‘ਚ ਨਿੱਝਰ ਦੀ ਹੱਤਿਆ ਪਿੱਛੇ ਚੀਨ ਦਾ ਹੱਥ ਹੋਣ ਦਾ ਲਾਇਆ ਦੋਸ਼

ਟੋਰਾਂਟੋ, 9 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਇੱਕ ਆਜ਼ਾਦ ਬਲਾਗਰ ਚੀਨੀ ਮੂਲ ਦੀ ਜੈਨੀਫਰ ਜੇਂਗ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕੈਨੇਡਾ ਵਿਖੇ ਬ੍ਰਿਟਿਸ ਕੋਲੰਬੀਆ ਦੇ ਸਰੀ ਸ਼ਹਿਰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਚੀਨੀ ਕਮਿਊਨਿਸਟ ਪਾਰਟੀ ਦੇ ਏਜੰਟ ਸ਼ਾਮਲ ਸਨ। ਇਸ ਕਤਲ ਪਿੱਛੇ ਚੀਨ ਦਾ ਮਕਸਦ ਭਾਰਤ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਿਵਾਦ ਦੀ ਸਥਿਤੀ ਨੂੰ ਪੈਦਾ ਕਰਕੇ ਭਾਰਤ ਨੂੰ ਫਸਾਉਣਾ ਸੀ। ਜੈਨੀਫਰ ਜ਼ੇਂਗ ਚੀਨੀ ਮੂਲ ਦੀ ਇੱਕ ਮਨੁੱਖੀ ਅਧਿਕਾਰ ਕਾਰਕੁਨ ਹੈ, ਜੋ ਇੱਕ ਪੱਤਰਕਾਰ ਵੀ ਹੈ ਅਤੇ ਵਰਤਮਾਨ ਵਿਚ ਸੰਯੁਕਤ ਰਾਜ (ਅਮਰੀਕਾ) ਵਿਚ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਜੇਂਗ ਨੇ ਇਕ ਵੀਡੀਓ ‘ਚ ਨਿੱਝਰ ਦੀ ਮੌਤ ਨੂੰ ਕਤਲ ਕਰਾਰ ਦਿੰਦੇ ਹੋਏ ਕਿਹਾ ਕਿ ਕੈਨੇਡਾ ‘ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਕਤਲ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਇਹ ਕਤਲ ਸੀ.ਸੀ.ਪੀ. ਦੇ ਏਜੰਟਾਂ ਵੱਲੋਂ ਕੀਤਾ ਗਿਆ ਹੈ।
18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ‘ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੀ ਪਾਰਕਿੰਗ ਵਿਚ ਗੋਲੀ ਮਾਰ ਦਿੱਤੀ ਗਈ ਸੀ। ਸੁਤੰਤਰ ਬਲਾਗਰ ਨੇ ਆਪਣੇ ਦੋਸ਼ਾਂ ਨੂੰ ਲੈ ਕੇ ਇੱਕ ਚੀਨੀ ਲੇਖਕ ਅਤੇ ਯੂਟਿਊਬਰ ਲਾਓ ਡੇਂਗ ਦੇ ਦਾਅਵਿਆਂ ਦਾ ਵੀ ਹਵਾਲਾ ਦਿੱਤਾ, ਜੋ ਕੈਨੇਡਾ ਵਿਚ ਰਹਿੰਦਾ ਹੈ। ਜੈਨੀਫਰ ਜ਼ੇਂਗ ਨੇ ਐਕਸ (ਟਵਿੱਟਰ) ‘ਤੇ ਪੋਸਟ ਕੀਤੀ ਇੱਕ ਵੀਡੀਓ ਵਿਚ ਦਾਅਵਾ ਕੀਤਾ ਕਿ ਲਾਓ ਡੇਂਗ ਨੇ ਇਸ ਸਾਲ ਜੂਨ ਦੇ ਸ਼ੁਰੂ ਵਿਚ ਕਿਹਾ ਸੀ ਕਿ ਸੀ.ਸੀ.ਪੀ. ਰਾਜ ਸੁਰੱਖਿਆ ਮੰਤਰਾਲੇ ਨੇ ਇਗਨੀਸ਼ਨ ਯੋਜਨਾ ਦੇ ਤਹਿਤ ਇੱਕ ਉੱਚ ਅਧਿਕਾਰੀ ਨੂੰ ਸਿਆਟਲ (ਅਮਰੀਕਾ) ਭੇਜਿਆ ਸੀ, ਜਿੱਥੇ ਗੁਪਤ ਮੀਟਿੰਗ ਹੋਈ। ਇਸ ਦਾ ਉਦੇਸ਼ ਭਾਰਤ ਅਤੇ ਪੱਛਮੀ ਦੇਸ਼ਾਂ ਦੇ ਸਬੰਧਾਂ ਨੂੰ ਵਿਗਾੜਨਾ ਸੀ।
ਇਨ੍ਹਾਂ ਏਜੰਟਾਂ ਨੂੰ ਕੈਨੇਡਾ ਵਿਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਮੀਟਿੰਗ ਤੋਂ ਬਾਅਦ ਸੀ.ਸੀ.ਪੀ. ਏਜੰਟਾਂ ਨੇ ਕਤਲ ਦੀ ਯੋਜਨਾ ਨੂੰ ਬੜੀ ਸਾਵਧਾਨੀ ਨਾਲ ਅੰਜਾਮ ਦਿੱਤਾ। ਜਿਸ ਵਿਚ ਕਤਲ ਤੋਂ ਬਾਅਦ ਸਬੂਤ ਨਸ਼ਟ ਕਰ ਦਿੱਤੇ ਗਏ। ਸੀ.ਸੀ.ਪੀ. ਦੇ ਕਤਲ ਦੀ ਸ਼ੈਲੀ ਦਾ ਵਰਣਨ ਕਰਦੇ ਹੋਏ, ਇੱਕ ਸੁਤੰਤਰ ਬਲਾਗਰ ਨੇ ਦੋਸ਼ ਲਗਾਇਆ ਕਿ ਬੰਦੂਕਾਂ ਨਾਲ ਲੈਸ ਏਜੰਟਾਂ ਨੇ 18 ਜੂਨ ਨੂੰ ਨਿੱਝਰ ਨੂੰ ਲੱਭ ਲਿਆ। ਕਤਲ ਮਗਰੋਂ ਉਨ੍ਹਾਂ ਨੇ ਕਿਸੇ ਸਬੂਤ ਤੋਂ ਬਚਣ ਲਈ ਨਿੱਝਰ ਦੀ ਕਾਰ ਵਿਚ ਲੱਗੇ ਡੈਸ਼ ਕੈਮਰੇ ਦੀ ਭੰਨਤੋੜ ਕਰ ਦਿੱਤੀ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਏ। ਉਨ੍ਹਾਂ ਨੇ ਸਬੂਤਾਂ ਨੂੰ ਨਸ਼ਟ ਕਰਨ ਲਈ ਆਪਣੇ ਹਥਿਆਰ ਅਤੇ ਕੱਪੜੇ ਵੀ ਸਾੜ ਦਿੱਤੇ। ਅਗਲੇ ਦਿਨ ਉਹ ਜਹਾਜ਼ ਰਾਹੀਂ ਕੈਨੇਡਾ ਚਲੇ ਗਏ। ਉਸਨੇ ਇਹ ਵੀ ਦੋਸ਼ ਲਾਇਆ ਕਿ ਕਾਤਲਾਂ ਨੇ ਜਾਣਬੁੱਝ ਕੇ ਭਾਰਤੀ ਲਹਿਜ਼ੇ ਵਾਲੀ ਅੰਗਰੇਜ਼ੀ ਵੀ ਸਿੱਖੀ ਸੀ।

Leave a comment