#CANADA

ਬਰੈਂਪਟਨ ਦੀ ਅਦਾਲਤ ਵੱਲੋਂ ਸਾਬਕਾ ਐੱਮ.ਪੀ. ਰਾਜ ਗਰੇਵਾਲ ਦੋਸ਼-ਮੁਕਤ ਕਰਾਰ

ਬਰੈਂਪਟਨ, 9 ਮਾਰਚ (ਪੰਜਾਬ ਮੇਲ)- ਬਰੈਂਪਟਨ ਈਸਟ ਤੋਂ ਐੱਮ.ਪੀ. ਰਹੇ ਰਾਜ ਗਰੇਵਾਲ, ਜਿਨ੍ਹਾਂ 2018 ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਨੂੰ ਅਦਾਲਤ ਵੱਲੋਂ ਦੋਸ਼-ਮੁਕਤ ਕਰਾਰ ਦੇ ਦਿੱਤਾ ਗਿਆ ਹੈ। ਰਾਜ ਗਰੇਵਾਲ ‘ਤੇ ਪੰਜ ਚਾਰਜ ਲੱਗੇ ਸਨ, ਜਿਨ੍ਹਾਂ ਵਿਚੋਂ ਤਿੰਨ ਪਹਿਲਾਂ ਹੀ ਵਾਪਸ ਲਏ ਜਾ ਚੁੱਕੇ ਸਨ ਅਤੇ ਬਾਕੀ ਬਚੇ ਦੋ ਕ੍ਰਿਮੀਨਲ ਚਾਰਜਿਜ਼ ਵੀ ਖ਼ਤਮ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਮਾਮਲੇ ਦੇ ਸਬੰਧ ਵਿਚ 9 ਮਹੀਨਿਆਂ ਦੀ ਸੁਣਵਾਈ ਅਦਾਲਤ ਵੱਲੋਂ ਕੀਤੀ ਗਈ ਸੀ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੀ ਗਵਾਹੀ ਲਈ ਗਈ ਅਤੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ ਪਰ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜੱਜ ਵੱਲੋਂ ਰਾਜ ਗਰੇਵਾਲ ਉੱਤੇ ਲੱਗੇ ਸਾਰੇ ਚਾਰਜਿਜ਼ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਇਹ ਦੋਸ਼ ਸਪੈਸ਼ਲ ਪ੍ਰੋਸੀਜਰ ਤਹਿਤ ਖਾਰਜ ਕੀਤੇ ਗਏ ਹਨ। ਇਸ ਪ੍ਰੋਸੀਜਰ ਨੂੰ ਡਾਇਰੈਕਟਿਡ ਵਰਡਿਕਟ ਆਖਿਆ ਜਾਂਦਾ ਹੈ। ਇਹ ਡਾਇਰੈਕਟਿਡ ਵਰਡਿਕਟ ਇਸ ਲਈ ਦਿੱਤਾ ਗਿਆ ਕਿਉਂਕਿ ਕ੍ਰਾਊਨ ਵਕੀਲ ਗਰੇਵਾਲ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸਿੱਧ ਕਰਨ ਲਈ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ।
ਇਸ ਤੋਂ ਪਹਿਲਾਂ ਰਾਜ ਗਰੇਵਾਲ ਵੱਲੋਂ ਇਹ ਅਰਜ਼ੀ ਪਾਈ ਗਈ ਸੀ ਕਿ ਕ੍ਰਾਊਨ ਵਕੀਲ ਉਨ੍ਹਾਂ ਖਿਲਾਫ ਲੱਗੇ ਦੋਸ਼ਾਂ ਦੇ ਸਬੰਧ ਵਿਚ ਕੋਈ ਵੀ ਸਬੂਤ ਪੇਸ਼ ਕਰਨ ਵਿਚ ਅਸਮਰੱਥ ਰਿਹਾ, ਇਸ ਲਈ ਕੇਸ ਨੂੰ ਹੋਰ ਲਮਕਾਉਣ ਦੀ ਥਾਂ ਇਸ ਉੱਤੇ ਫੈਸਲਾ ਦਿੱਤਾ ਜਾਵੇ। ਗਰੇਵਾਲ ਦੀ ਇਸ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਹੋਇਆਂ ਤੇ ਹੁਣ ਤੱਕ ਦੀ ਚੱਲੀ ਮਾਮਲੇ ਦੀ ਸੁਣਵਾਈ ਨੂੰ ਧਿਆਨ ਵਿਚ ਰੱਖਦਿਆਂ ਜੱਜ ਵੱਲੋਂ ਰਾਜ ਗਰੇਵਾਲ ਨੂੰ ਦੋਸ਼-ਮੁਕਤ ਕਰਾਰ ਦੇ ਦਿੱਤਾ ਗਿਆ ਹੈ ਤੇ ਉਨ੍ਹਾਂ ਉੱਤੇ ਚੱਲ ਰਿਹਾ ਇਹ ਮਾਮਲਾ ਖਾਰਜ ਕਰ ਦਿੱਤਾ ਗਿਆ ਹੈ। ਜੱਜ ਇਸ ਬਾਰੇ ਸ਼ੁੱਕਰਵਾਰ ਨੂੰ ਵਿਸਥਾਰਪੂਰਵਕ ਇਸ ਮਾਮਲੇ ਦਾ ਫੈਸਲਾ ਸੁਣਾਉਣਗੇ। ਇਸ ਤੋਂ ਬਾਅਦ ਰਾਜ ਗਰੇਵਾਲ ਇਕ ਪ੍ਰੈੱਸ ਕਾਨਫਰੰਸ ਵੀ ਕਰਨਗੇ।
ਰਾਜ ਗਰੇਵਾਲ ਨੇ ਆਖਿਆ ਕਿ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਇਸ ਮੁਸ਼ਕਲ ਘੜੀ ਵਿਚ ਬਹੁਤ ਸਾਥ ਦਿੱਤਾ ਗਿਆ, ਜਿਸ ਲਈ ਉਹ ਸਭ ਦੇ ਸ਼ੁਕਰਗੁਜ਼ਾਰ ਹਨ। ਇਹ ਸਮਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਔਖਾ ਸੀ। ਜ਼ਿਕਰਯੋਗ ਹੈ ਕਿ ਰਾਜ ਗਰੇਵਾਲ ਉੱਤੇ 6 ਮਿਲੀਅਨ ਦੇ ਨੇੜੇ-ਤੇੜੇ ਫੰਡਾਂ ਦਾ ਐਥਿਕਸ ਕਮਿਸ਼ਨਰ ਕੋਲ ਖੁਲਾਸਾ ਨਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਉੱਤੇ ਫਰੌਡ ਤੇ ਬ੍ਰੀਚ ਆਫ ਟਰੱਸਟ ਵਰਗੇ ਦੋਸ਼ ਵੀ ਲੱਗੇ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪੁਲਿਸ ਨੇ ਇਹ ਦੋਸ਼ ਲਾਇਆ ਸੀ ਕਿ 19 ਅਕਤੂਬਰ, 2015 ਤੇ 23 ਅਪ੍ਰੈਲ, 2019 ਦਰਮਿਆਨ ਗਰੇਵਾਲ, ਜੋ ਕਿ ਉਸ ਸਮੇਂ ਐੱਮ.ਪੀ. ਸਨ, ਨੂੰ 6 ਮਿਲੀਅਨ ਡਾਲਰ ਦੇ ਫੰਡ ਹਾਸਲ ਹੋਏ ਸਨ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਐਥਿਕਸ ਕਮਿਸ਼ਨਰ ਕੋਲ ਕੋਈ ਖੁਲਾਸਾ ਨਹੀਂ ਕੀਤਾ ਗਿਆ, ਜਿਸ ਨੂੰ ਬ੍ਰੀਚ ਆਫ ਟਰੱਸਟ ਕਰਾਰ ਦਿੱਤਾ ਗਿਆ। ਰਾਜ ਗਰੇਵਾਲ ‘ਤੇ ਇਸ ਰਕਮ ਨੂੰ ਨਿੱਜੀ ਫਾਇਦੇ ਲਈ ਵਰਤਣ ਦਾ ਦੋਸ਼ ਵੀ ਲਾਇਆ ਗਿਆ। ਪ੍ਰਧਾਨ ਮੰਤਰੀ ਆਫਿਸ ਵੱਲੋਂ ਇਹ ਖੁਲਾਸਾ ਕੀਤੇ ਜਾਣ ਕਿ ਰਾਜ ਗਰੇਵਾਲ ਜੂਏ ਦੀ ਲਤ ਨਾਲ ਸਿੱਝਣ ਲਈ ਆਪਣਾ ਸਿਹਤ ਸਬੰਧੀ ਇਲਾਜ ਕਰਵਾ ਰਹੇ ਹਨ। ਉਨ੍ਹਾਂ 2018 ਵਿਚ ਲਿਬਰਲ ਕਾਕਸ ਛੱਡ ਦਿੱਤਾ ਸੀ। ਇਹ ਵੀ ਕਨਸੋਆਂ ਸਨ ਕਿ ਇਸ ਲਤ ਕਾਰਨ ਉਨ੍ਹਾਂ ਸਿਰ ਕਾਫੀ ਕਰਜ਼ਾ ਚੜ੍ਹ ਗਿਆ ਸੀ। ਬਾਅਦ ਵਿਚ ਉਹ ਆਜ਼ਾਦ ਉਮੀਦਵਾਰ ਵਜੋਂ ਪਾਰਲੀਮੈਂਟ ਵਿਚ ਬੈਠਦੇ ਰਹੇ ਪਰ ਫਿਰ 2019 ਦੀਆਂ ਚੋਣਾਂ ਵਿਚ ਉਹ ਖੜ੍ਹੇ ਨਹੀਂ ਹੋਏ।

Leave a comment