23.3 C
Sacramento
Sunday, May 28, 2023
spot_img

ਬਰੈਂਪਟਨ ’ਚ ਵਿਦਿਆਰਥੀਆਂ ਵੱਲੋਂ ਦੇਸ਼-ਨਿਕਾਲੇ ਵਿਰੁੱਧ ਰੋਸ-ਰੈਲੀ

ਟੋਰਾਂਟੋ, 17 ਅਪ੍ਰੈਲ (ਦਲਜੀਤ ਕੌਰ/ਪੰਜਾਬ ਮੇਲ)- ਅੱਜ ਕੈਨੇਡਾ ਦੇ ਸ਼ਹਿਰ ਬਰੈਪਟਨ ਵਿਖੇ ‘ਅੰਤਰਰਾਸ਼ਟਰੀ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਦੀ ਅਗਵਾਈ ਹੇਠ ਦੇਸ਼-ਨਿਕਾਲੇ ਵਿਰੁੱਧ ਰੋਸ-ਰੈਲੀ ਕੀਤੀ ਗਈ। ਜੱਥੇਬੰਦੀ ਦੇ ਆਗੂਆਂ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇ ਕੇ ਕੈਨੇਡੀਅਨ ਸਰਕਾਰ ਉਹਨਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ।
ਇਸ ਸਮੇਂ ਜੱਥੇਬੰਦੀ ਦੀ ਆਗੂ ਰਮਨਦੀਪ ਕੌਰ, ਕਰਮਜੀਤ ਕੌਰ, ਡਿੰਪਲ, ਚਮਨਦੀਪ ਸਿੰਘ ਤੇ ਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਦੀ ਜੀਡੀਪੀ ਅਤੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਅਸੀਂ ਕਰੋਨਾ ਤੇ ਮਹਿੰਗਾਈ ਦੇ ਦੌਰ ਵਿੱਚ ਆਪਣੇ ਵਤਨੋਂ ਦੂਰ ਮਹਿੰਗੀ ਪੜਾਈ ਦੇ ਨਾਲ-ਨਾਲ ਮਹਿੰਗੇ ਰਿਹਾਇਸ਼ੀ ਕਿਰਾਏ, ਮਹਿੰਗੀਆਂ ਫੀਸਾਂ, ਗਰੌਸਰੀ ਤੇ ਹੋਰ ਲੋੜੀਂਦੇ ਖਰਚਿਆਂ ਲਈ ਦਿਨ-ਰਾਤ ਸਖਤ ਮਿਹਨਤ ਵਾਲੀਆਂ ਨੌਕਰੀਆਂ ਕੀਤੀਆਂ। ਕੈਨੇਡਾ ’ਚ ਹੁਨਰਮੰਦ ਕਾਮਿਆਂ ਦੇ ਤੌਰ ਤੇ ਕੰਮ ਕੀਤਾ। ਏਜੰਟਾਂ ਦੀ ਧੋਖਾਧੜੀ ਅਤੇ ਦੇਸ਼-ਨਿਕਾਲੇ ਦੇ ਸਰਕਾਰੀ ਫੁਰਮਾਨ ਨੇ ਸਾਨੂੰ ਵੱਡੀ ਮਾਨਸਿਕ ਪ੍ਰੇਸ਼ਾਨੀ ਵੱਲ ਧੱਕ ਕੇ ਸਾਡੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਕੈਨੇਡਾ ਦੇ ‘ਇਮੀਗ੍ਰੇਸ਼ਨ ਮਾਫੀਆ’ ਉੱਤੇ ਕਾਰਵਾਈ ਹੋਣ ਦੀ ਬਜਾਏ ਵਿਦਿਆਰਥੀ ਨੂੰ ਦੋਸ਼ੀ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ।
ਨੌਜਵਾਨ ਸਪੋਰਟ ਨੈਟਵਰਕ ਦੇ ਆਗੂ ਬਿਕਰਮ ਕੁੱਲੇਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਜਾ ਦੇਣ ਦੀ ਬਜਾਏ ਕੈਨੇਡੀਅਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਰਾਹੀਂ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲੇ ਭਾਰਤ ਸਥਿਤ ਚਾਲਬਾਜ਼ ਤੇ ਮੁਨਾਫਾਖੋਰ ਏਜੰਟਾਂ ਅਤੇ ਉਹਨਾਂ ਨਾਲ ਮਿਲਕੇ ਧੋਖਾ ਕਰਨ ਵਾਲੇ ਕੈਨੇਡੀਅਨ ਕਾਲਜਾਂ ਜਾਂ ਏਜੰਟਾਂ ਦੇ ਗ੍ਰੋਹ ਦੀ ਜਾਂਚ ਕਰਕੇ ਉਹਨਾਂ ਦਾ ਪਰਦਾਫਾਸ ਕਰੇ। ਉਹਨਾਂ ਕਿਹਾ ਕਿ ਵੋਟ ਪਾਰਟੀਆਂ ਨੂੰ ਨੀਂਦ ’ਚੋਂ ਜਾਗਣ ਦੀ ਲੋੜ ਹੈ।
‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਦੇ ਆਗੂ ਹਰਿੰਦਰ ਮਹਿਰੋਕ ਨੇ ਕਿਹਾ ਕਿ ਕੈਨੇਡੀਅਨ ਆਰਥਿਕਤਾ ਅਤੇ ਸਿੱਖਿਆ ਨੀਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਜਿੰਦਗੀ ’ਚ ਅੱਗੇ ਵੱਧਣ ਦਾ ਮੌਕਾ ਦਿੱਤਾ ਜਾਵੇ।
‘ਮਾਈਗ੍ਰੈਂਟ ਯੂਨਾਇਟਿਡ ਵਰਕਰਜ਼’ ਦੀ ਆਗੂ ਸ਼ਿਰੋਮ ਨੇ ਕਿਹਾ ਕਿ ਅੰਤਰਟਰਾਸ਼ਟਰੀ ਕਾਮਿਆਂ ਤੇ ਵਿਦਿਆਰਥੀਆਂ ਦਾ ਏਕਾ ਤੇ ਸੰਘਰਸ਼ ਸਮੇਂ ਦੀ ਵੱਡੀ ਲੋੜ ਹੈ। ਵਿਦਿਆਰਥੀ ਆਗੂ ਮਨਦੀਪ ਨੇ ਕਿਹਾ ਕਿ ਸੰਸਾਰ ਵਿੱਤੀ ਸੰਕਟ, ਕੋਵਿਡ, ਯੂਕਰੇਨ ਜੰਗ ਅਤੇ ਮਹਿੰਗਾਈ ਦੇ ਦੌਰ ’ਚ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਦਾ ਫੈਸਲਾ, ਉਹਨਾਂ ਦਾ ਭਵਿੱਖ ਤਬਾਹ ਕਰਨ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਪ੍ਰਵਾਸੀ ਪ੍ਰਤੀ ਧੱਕੇਸ਼ਾਹੀ ਵਾਲੀ ਆਪਣੀ ਇਮੀਗ੍ਰੇਸ਼ਨ ਨੀਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਭਾਰਤ ਤੇ ਪੰਜਾਬ ਸਰਕਾਰ ਨੂੰ ਜਾਗਣ ਦੀ ਨਸੀਹਤ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਨੂੰ ਬਿਨਾਂ ਸ਼ਰਤ ਰੱਦ ਕੀਤਾ ਜਾਣਾ ਚਾਹੀਦਾ ਹੈ।
‘ਸਰੋਕਾਰਾਂ ਦੀ ਅਵਾਜ਼’ ਵੱਲੋਂ ਕੁਲਦੀਪ ਬੋਪਾਰਾਏ ਨੇ ਕਿਹਾ ਕਿ ਵਿਦਿਆਰਥੀ ਮੰਗਾਂ ਲਈ ਮੰਤਰੀਆਂ ਤੱਕ ਪਹੁੰਚ ਕੀਤੀ ਜਾਵੇਗੀ। ਰੇਡਿਓ ‘ਨਗਾਰਾ’ ਵੱਲੋਂ ਚਰਨਜੀਤ ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਦੇ ਫੈਸਲੇ ਨੂੰ ਬਿਨ੍ਹਾ ਦੇਰੀ ਕੀਤੇ ਪਹਿਲ ਦੇ ਅਧਾਰ ਤੇ ਰੱਦ ਕਰਕੇ ਪੀੜ੍ਹਤਾਂ ਨੂੰ ਇਨਸਾਫ ਦਿੱਤਾ ਜਾਵੇ।
‘ਇੰਡੋ-ਕੈਨੇਡੀਅਨ ਵਰਕਰ ਐਸ਼ੋਸੀਏਸ਼ਨ’ ਵੱਲੋਂ ਹਰਿੰਦਰ ਹੁੰਦਲ ਨੇ ਕਿਹਾ ਕਿ ਸਮੂਹ ਜੱਥੇਬੰਦੀਆਂ ਤੇ ਇਨਸਾਫਪਸੰਦ ਲੋਕਾਂ ਨੂੰ ਵਿਦਿਆਰਥੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ‘ਪ੍ਰਵਾਸੀ ਪੰਜਾਬੀ ਐਸ਼ੋਸੀਏਸ਼ਨ’ ਦੇ ਜਾਗੀਰ ਕਾਹਲੋਂ ਨੇ ਵਿਦਿਆਰਥੀ ਸੰਘਰਸ਼ ਦਾ ਸਾਥ ਦੇਣ ਦਾ ਵਾਅਦਾ ਕੀਤਾ।
ਇਸ ਸਮੇਂ ਸਟੇਜ ਸਕੱਤਰ ਖੁਸ਼ਪਾਲ ਗਰੇਵਾਲ ਨੇ ਸੱਦਾ ਦਿੱਤਾ ਕਿ ਵਿਦਿਆਰਥੀਆਂ ਨੂੰ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੀ 25 ਅਪ੍ਰੈਲ ਨੂੰ ‘ਜਨਤਕ ਸੁਰੱਖਿਆ’ ਮੰਤਰੀ ਮਾਰਕੋ ਮੈਡੀਸੀਨੋ ਦੇ ਦਫਤਰ ਅੱਗੇ ਰੋਸ-ਮੁਜ਼ਾਹਰਾ ਕੀਤਾ ਜਾਵੇਗਾ।

Related Articles

Stay Connected

0FansLike
3,785FollowersFollow
20,800SubscribersSubscribe
- Advertisement -spot_img

Latest Articles